ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਬੀਤੀ ਦੇਰ ਰਾਤ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ 'ਤੇ ਇਕ ਮੈਰਿਜ ਪੈਲੇਸ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁੜ ਤੋਂ ਵੱਧ ਰਹੀ ਕੋਰੋਨਾ ਮਹਾਮਾਰੀ ਕਰ ਕੇ ਪੂਰੇ ਪੰਜਾਬ 'ਚ ਕਈ ਪਾਬੰਦੀਆਂ ਲਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਦੀ ਲਪੇਟ 'ਚ ਆਉਣ ਤੋਂ ਬਚਾਇਆ ਜਾ ਸਕੇ। ਸਰਕਾਰ ਨੇ ਕਿਸੇ ਵੀ ਸਮਾਗਮ 'ਚ 20 ਤੋਂ ਵੱਧ ਬੰਦਿਆਂ ਦਾ ਇਕੱਠ ਕਰਨ 'ਤੇ ਰੋਕ ਲਾਈ ਹੋਈ ਹੈ। ਸਥਾਨਕ ਜ਼ੀਰਕਪੁਰ ਪਟਿਆਲਾ ਸੜਕ ਮੈਰਿਜ ਪੈਲੇਸ ਦੇ ਮਾਲਕ ਨੇ ਸਰਕਾਰੀ ਹੁਕਮਾਂ ਦੇ ਉਲਟ ਆਪਣੇ ਪੈਲੇਸ 'ਚ ਰੱਖੇ ਵਿਆਹ ਸਮਾਗਮ 'ਚ 200 ਦੇ ਕਰੀਬ ਬੰਦਿਆਂ ਦਾ ਇਕੱਠ ਕਰ ਲਿਆ ਸੀ। ਮਾਮਲੇ ਦੇ ਪੜਤਾਲੀਆ ਅਫ਼ਸਰ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਪਟਿਆਲਾ ਰੋਡ 'ਤੇ ਬਣੇ ਏਕੇਐੱਮ ਮੈਰਿਜ ਪੈਲੇਸ 'ਚ ਛਾਪਾ ਮਾਰਿਆ, ਜਿੱਥੇ ਵਿਆਹ ਦਾ ਪ੍ਰਰੋਗਰਾਮ ਚੱਲ ਰਿਹਾ ਸੀ। ਪੜਤਾਲ 'ਚ ਸਾਹਮਣੇ ਆਇਆ ਕਿ ਪੈਲੇਸ 'ਚ ਲੋਕਾਂ ਦਾ ਨਿਯਮਾਂ ਦੇ ਉਲਟ ਕਾਫ਼ੀ ਜ਼ਿਆਦਾ ਇਕੱਠ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੈਲੇਸ ਦੇ ਮਾਲਕ ਖ਼ਿਲਾਫ਼ ਡੀਸੀ ਮੋਹਾਲੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।