ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ ਹਾਲਾਤ ਹੁਣ ਦਿਨ-ਬ-ਦਿਨ ਬਿਹਤਰ ਹੋ ਰਹੇ ਹਨ। ਇਸ ਦਾ ਕਹਿਰ ਘਟ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਮਾਮਲੇ ਘੱਟ ਹੋਣ ਨਾਲ ਪ੍ਰਸ਼ਾਸਨ 'ਤੇ ਹੁਣ ਛੋਟ ਵਧਾਏ ਜਾਣ ਦਾ ਦਬਾਅ ਫਿਰ ਤੋਂ ਬਣ ਰਿਹਾ ਹੈ। ਸਭ ਤੋਂ ਵੱਡਾ ਦਬਾਅ ਬਾਜ਼ਾਰ ਨੂੰ ਪਹਿਲਾਂ ਵਾਂਗ ਖੋਲ੍ਹਣ ਦੀ ਮਨਜ਼ੂਰੀ ਦੇਣ ਦਾ ਹੈ। ਟ੍ਰੇਡਰਜ਼ ਐਸੋਸੀਏਸ਼ਨ ਬਾਜ਼ਾਰ ਨੂੰ ਰਾਤ ਵੇਲੇ ਵੀ ਖੋਲ੍ਹਣ ਦੀ ਮਨਜ਼ੂਰੀ ਮੰਗ ਰਹੀ ਹੈ।

ਹਾਲੇ ਤਕ ਬਾਜ਼ਾਰ ਸਵੇਰੇ ਦਸ ਤੋਂ ਸ਼ਾਮ 6 ਵਜੇ ਤਕ ਖੋਲ੍ਹਣ ਦੀ ਮਨਜ਼ੂਰੀ ਹੈ। ਇਸ ਨੂੰ ਰਾਤ ਦਸ ਵਜੇ ਤਕ ਖੋਲ੍ਹਣ ਦੀ ਮਨਜ਼ੂਰੀ ਮੰਗੀ ਜਾ ਰਹੀ ਹੈ। ਇਸੇ ਤਰ੍ਹਾਂ ਨਾਲ ਰੈਸਟੋਰੈਂਟ ਤੇ ਈਟਿੰਗ ਜੁਆਇੰਟਾਂ 'ਚ ਪੂਰੀ ਸਮਰਥਾ ਨਾਲ ਗੈਸਟ ਸਰਵਿਸ ਦੀ ਮੰਗ ਹੋ ਰਹੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਮੰਗਲਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਅਧਿਕਾਰੀਆਂ ਨਾਲ ਕੋਵਿਡ ਵਾਰ ਰੂਮ ਮੀਟਿੰਗ ਕਰਨਗੇ। ਹਰਿਆਣਾ ਪਾਬੰਦੀਆਂ ਨੂੰ ਇਕ ਹਫ਼ਤੇ ਲਈ ਵਧਾ ਚੁੱਕਾ ਹੈ। ਇਸ ਨੂੰ ਦੇਖਦੇ ਹੋਏ ਇਹੀ ਲੱਗ ਰਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੀ ਦੂਜੇ ਸੂਬਿਆਂ ਵਾਂਗ ਹਾਲੇ ਤਕ ਪੂਰੀ ਤਰ੍ਹਾਂ ਿਢੱਲ ਨਹੀਂ ਦੇਵੇਗਾ।

ਹਾਲਾਂਕਿ ਆਖ਼ਰੀ ਫ਼ੈਸਲਾ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਮਾਹਿਰਾਂ ਨਾਲ ਚਰਚਾ ਤੋਂ ਬਾਅਦ ਮੰਗਲਵਾਰ ਨੂੰ ਲੈਣਗੇ। ਪੰਚਕੂਲਾ ਤੇ ਮੋਹਾਲੀ ਦੇ ਅਧਿਕਾਰੀ ਵੀ ਵੀਡੀਓ ਕਾਨਫਰੰਸਿੰਗ ਨਾਲ ਇਸ ਮੀਟਿੰਗ ਨਾਲ ਜੁੜਨਗੇ। ਹਾਲੇ ਤਕ ਚੰਡੀਗੜ੍ਹ 'ਚ ਵੀਕੈਂਡ ਕਰਫਿਊ ਵੀ ਸਿਰਫ਼ ਐਤਵਾਰ ਨੂੰ ਹੀ ਹੈ। ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਮਾਮਲੇ ਘਟ ਹੋ ਰਹੇ ਹਨ। ਆਰਥਿਕ ਹਾਲਾਤ ਨੂੰ ਦੇਖਦੇ ਹੋਏ ਐਤਵਾਰ ਨੂੰ ਵੀ ਹੋਰ ਦਿਨਾਂ ਵਾਂਗ ਛੋਟ ਦਿੱਤੇ ਜਾਣ 'ਤੇ ਚਰਚਾ ਹੋ ਰਹੀ ਹੈ।