ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਜਲੰਧਰ ਵਿਚ ਪੈਂਦੇ ਥਾਣਾ ਮਕਸੂਦਾਂ ਵਿਚ ਹੋਏ ਹਮਲੇ ਵਿਚ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਨੇ ਨਾਮਜ਼ਦ ਕੀਤੇ ਆਮਿਰ ਨਜ਼ੀਰ ਮੀਰ, ਸ਼ਾਹਿਦ ਕਿਊਮ ਅਤੇ ਫ਼ਾਜ਼ਿਲ ਬਸ਼ੀਰ ਪਿੰਚੂ ਖ਼ਿਲਾਫ਼ ਐੱਨਆਈਏ ਦੇ ਸਪੈਸ਼ਲ ਜੱਜ ਐਨ.ਐਸ. ਗਿੱਲ ਦੀ ਅਦਾਲਤ ਵੱਲੋਂ ਧਾਰਾ 120ਬੀ, 121, 121ਏ, 307,18, 18ਬੀ, 20, 23, ਵਿਸਫੋਟਕ ਸਮੱਗਰੀ ਮਿਲਣ ਦੀ ਧਾਰਾ ਅਤੇ ਅਨਲਾਫੁਲ ਐਕਟ ਤਹਿਤ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ਵਿਚ 4 ਨਵੰਬਰ ਨੂੰ ਗਵਾਹੀਆਂ ਸ਼ੁਰੂ ਕਰਵਾਉਣੀਆਂ ਹਨ।

ਇਸ ਮਾਮਲੇ ਵਿਚ ਪਿਛਲੀ ਮਿਤੀ 'ਤੇ ਅਦਾਲਤ ਵੱਲੋਂ ਆਮਿਰ ਨਜੀਰ ਮੀਰ ਦੀ ਜ਼ਮਾਨਤ ਦੀ ਮੰਗ ਖਾਰਜ ਕਰ ਦਿੱਤੀ ਸੀ। ਐੱਨਆਈਏ ਵਲੋਂ ਇਸ ਮਾਮਲੇ ਵਿਚ ਫ਼ਾਜ਼ਿਲ ਬਸ਼ੀਰ ਪਿੰਚੂ, ਸ਼ਾਹਿਦ ਕਿਊਮ, ਰਾਉਫ ਅਹਿਮਦ ਅਤੇ ਉਮਰ ਰਮਜ਼ਾਨ ਨੂੰ ਨਾਮਜ਼ਦ ਕੀਤਾ ਹੈ ਜਦਕਿ ਜ਼ਾਕਿਰ ਰਾਸ਼ਿਦ ਭੱਟ ਉਰਫ਼ ਜ਼ਾਕਿਰ ਮੂਸਾ 23 ਦੀ ਰਾਤ ਨੂੰ ਅਤੇ ਰਾਉਫ ਅਹਿਮਦ ਮੀਰ, ਉਮਰ ਰਮਜ਼ਾਨ 22 ਦਸੰਬਰ ਨੂੰ ਸੁਰੱਖਿਆ ਬਲਾਂ ਦੇ ਨਾਲ ਕਸ਼ਮੀਰ ਵਿਚ ਹੋਏ ਮੁਕਾਬਲੇ 'ਚ ਮਾਰੇ ਜਾ ਚੁੱਕੇ ਹਨ।

ਫ਼ਾਜ਼ਿਲ ਬਸ਼ੀਰ ਪਿੰਚੂ, ਸ਼ਾਹਿਦ ਕਿਊਮ ਅਤੇ ਆਮਿਰ ਮੀਰ ਨੇ ਗ੍ਰਨੇਡ ਲਿਆ ਕੇ ਮਕਸੂਦਾਂ ਥਾਣੇ ਵਿਚ ਧਮਾਕਾ ਕੀਤਾ ਸੀ। ਇਸ ਮਾਮਲੇ ਵਿਚ ਇਕ ਪੁਲਿਸ ਕਰਮਚਾਰੀ ਜ਼ਖ਼ਮੀ ਹੋਇਆ ਦੱਸਿਆ ਗਿਆ ਸੀ। ਇਸ ਸਬੰਧੀ ਬਚਾਅ ਪੱਖ ਦੇ ਵਕੀਲ ਤਰਨਜੀਤ ਕੌਰ ਹੁੰਦਲ ਨੇ ਕਿਹਾ ਹੈ ਕਿ ਉਕਤ ਤਿੰਨਾਂ ਮੁਲਜ਼ਮਾਂ ਨੂੰ ਮੋਬਾਇਲ ਰਿਕਾਰਡਿੰਗ ਦੇ ਜ਼ਰੀਏ ਗਿ੍ਫ਼ਤਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਅਤੇ ਹੁਣ ਤਕ ਇਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਬਰਾਮਦਗੀ ਨਹੀਂ ਹੋਈ ਹੈ।