ਜੈ ਸਿੰਘ ਛਿੱਬਰ, ਚੰਡੀਗੜ੍ਹ : ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਮਾਨਸਾ ਤੋਂ ਆਪ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਅਜੇ ਅਸਤੀਫ਼ਾ ਪ੍ਰਵਾਨ ਨਹੀਂ ਹੋਇਆ ਹੈ।

ਸਪੀਕਰ ਵੱਲੋਂ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਜੇ ਮਾਨਸਾ 'ਚ ਜ਼ਿਮਨੀ ਚੋਣ ਹੁੰਦੀ ਹੈ ਤਾਂ ਨਾਜਰ ਸਿੰਘ ਮਾਨਸਾਹੀਆ ਨੂੰ ਕਾਂਗਰਸ ਦੀ ਟਿਕਟ ਤੋਂ ਹੱਥ ਧੋਣਾ ਪੈ ਸਕਦਾ ਹੈ। ਇਸਦਾ ਕਾਰਨ ਜਿਥੇ ਸਥਾਨਕ ਕਾਂਗਰਸੀ ਆਗੂਆਂ, ਵਰਕਰਾਂ ਵੱਲੋਂ ਨਾਜਰ ਸਿੰਘ ਮਾਨਸਾਹੀਆ ਦਾ ਖੁੱਲ੍ਹੇਆਮ ਵਿਰੋਧ ਕਰਨਾ ਹੈ, ਦੂਜਾ ਕਾਰਨ ਇਥੋਂ ਕਾਂਗਰਸ ਮੁੱਖ ਮੰਤਰੀ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਨੂੰ ਚੋਣ ਲੜਾਉਣ ਦੇ ਮੂਡ ਵਿਚ ਹੈ।

ਰਣਇੰਦਰ ਸਿੰਘ ਨੇ ਬਾਕਾਇਦਾ ਮਾਨਸਾ ਹਲਕੇ ਵਿਚ ਲੋਕਾਂ 'ਚ ਵਿਚਰਨਾ ਸ਼ੁਰੂ ਵੀ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਬੇਟੇ ਦਾ ਹਲਕੇ ਵਿਚ ਸਰਗਰਮੀਆਂ ਵਧਾਉਣ ਤੋਂ ਸਪਸ਼ਟ ਹੋ ਗਿਆ ਹੈ ਕਿ ਜੇ ਮਾਨਸਾ ਵਿਚ ਜ਼ਿਮਨੀ ਚੋਣ ਹੁੰਦੀ ਹੈ ਤਾਂ ਯੁਵਰਾਜ ਰਣਇੰਦਰ ਸਿੰਘ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਣਇੰਦਰ ਸਿੰਘ ਵੱਲੋਂ ਮਾਨਸਾ 'ਚ ਪੈਂਦੇ ਜੋਗਾ ਪਿੰਡ ਵਿਚ ਸਰਕਾਰੀ ਗਊਸ਼ਾਲਾ ਖੋਲ੍ਹਣ ਅਤੇ ਹਰੇ ਚਾਰੇ ਲਈ 15 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕਰਨਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਾਂਗਰਸ ਵੱਲੋਂ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਕਾਂਗਰਸੀ ਸੂਤਰ ਦੱਸਦੇ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਉਮੀਦਵਾਰ ਮਨੋਜ ਬਾਲਾ ਤੇ ਉਸਦੇ ਪਤੀ ਨੇ ਕਾਂਗਰਸ ਲੀਡਰਸ਼ਿਪ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਜੇ ਪਾਰਟੀ ਨੇ ਮਾਨਸਾਹੀਆ ਨੂੰ ਟਿਕਟ ਦਿੱਤੀ ਤਾਂ ਉਹ ਵਿਰੋਧ ਕਰਨਗੇ। 2017 ਦੀਆਂ ਚੋਣਾਂ ਵਿਚ ਮਨੋਜ ਬਾਲਾ ਨੂੰ 50117 ਵੋਟਾਂ ਪ੍ਰਰਾਪਤ ਹੋਈਆਂ ਸਨ, ਜਦਕਿ ਨਾਜਰ ਸਿੰਘ ਮਾਨਸਾਹੀਆ ਨੂੰ 70586 ਵੋਟਾਂ ਮਿਲੀਆਂ ਸਨ। ਦਿਲਚਸਪ ਗੱਲ ਹੈ ਕਿ ਭਾਵੇਂ ਕੈਪਟਨ ਸਰਕਾਰ ਵੱਲੋਂ ਹਲਕਾ ਇੰਚਾਰਜ ਸਿਸਟਮ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਾਂਗਰਸ ਦੇ ਹਾਰੇ ਹੋਏ ਉਮੀਦਵਾਰ ਹਲਕਾ ਇੰਚਾਰਜ ਵਜੋਂ ਕੰਮ ਕਰ ਰਹੇ ਹਨ।

ਮਾਨਸਾਹੀਆ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਮੀਟਿੰਗ ਵਿਚ ਮਨੋਜ ਬਾਲਾ ਦੀ ਜਗ੍ਹਾ ਨਾਜਰ ਸਿੰਘ ਨੂੰ ਤਵੱਜੋਂ ਦੇਣ 'ਤੇ ਉਨ੍ਹਾਂ ਦਾ ਖੁੱਲ੍ਹੇਆਮ ਵਿਰੋਧ ਕੀਤਾ ਸੀ ਤਾਂ ਮਾਮਲਾ ਮੁੱਖ ਮੰਤਰੀ ਦਰਬਾਰ ਤਕ ਪੁੱਜ ਗਿਆ ਸੀ। ਬੰਸਲ ਪਰਿਵਾਰ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਜੇ ਜ਼ਿਮਨੀ ਚੋਣ ਹੋਣ 'ਤੇ ਮੁੱਖ ਮੰਤਰੀ ਦੇ ਪਰਿਵਾਰ ਦਾ ਕੋਈ ਮੈਂਬਰ ਚੋਣ ਲੜਦਾ ਹੈ ਤਾਂ ਉਹ ਮਦਦ ਕਰਨਗੇ ਪਰ ਜੇ ਕਾਂਗਰਸ ਨੇ ਮਾਨਸਾਹੀਆ ਨੂੰ ਟਿਕਟ ਦਿੱਤੀ ਤਾਂ ਉਹ ਵਿਰੋਧ ਕਰਨਗੇ।

ਵਰਨਣਯੋਗ ਹੈ ਕਿ ਮਾਨਸਾਹੀਆ ਅਤੇ ਬੰਸਲ ਪਰਿਵਾਰ ਵਿਚ ਪੈਦਾ ਹੋਈ ਕੁੜੱਤਣ ਨੂੰ ਦੂਰ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਦੋਵੇਂ ਆਗੂਆਂ ਵਿਚ ਸਮਝੌਤਾ ਕਰਵਾਉਣ ਦਾ ਯਤਨ ਵੀ ਕੀਤਾ ਸੀ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਮਾਨਸਾਹੀਆ ਵਲੋਂ 25 ਅਪ੍ਰੈਲ ਨੂੰ ਆਪ ਦਾ ਪੱਲਾ ਛੱਡ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਮਾਨਸਾਹੀਆ ਤੋਂ ਬਾਅਦ ਰੋਪੜ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਕਾਂਗਰਸ ਦਾ ਹੱਥ ਫੜ ਲਿਆ ਸੀ।

ਮਾਨਸਾਹੀਆ ਬੋਲੇ ; ਨੋ ਕੁਮੈਂਟ

ਵਿਧਾਇਕ ਨਾਜਰ ਸਿੰਘ ਮਾਨਸਾਹੀਆ ਨੇ ਰਣਇੰਦਰ ਸਿੰਘ ਵੱਲੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਦੇ ਮੁੱਦੇ 'ਤੇ 'ਪੰਜਾਬੀ ਜਾਗਰਣ' ਨਾਲ ਗੱਲ ਕਰਦਿਆਂ ਕੋਈ ਜਵਾਬ ਦੇਣ ਤੋਂ ਮਨ੍ਹਾ ਕਰ ਦਿੱਤਾ। ਟਿਕਟ ਮਿਲਣ ਜਾਂ ਨਾ ਮਿਲਣ 'ਤੇ ਭਵਿੱਖ ਵਿਚ ਚੋਣ ਲੜਨ ਦੇ ਸਵਾਲ 'ਤੇ ਉਨ੍ਹਾਂ ਕੋਈ ਕੁਮੈਂਟ ਦੇਣ ਤੋਂ ਮਨ੍ਹਾ ਕਰ ਦਿੱਤਾ।