ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਤਨਖ਼ਾਹਾਂ ਦੇ ਮੁੱਦੇ ਨੂੰ ਲੈ ਕੇ ਕਈ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਹਮੋ-ਸਾਹਮਣੇ ਆ ਗਏ ਹਨ। ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕਣ ਬਾਰੇ ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਖ਼ਾਤਿਆਂ ਦਾ ਹਿਸਾਬ-ਕਿਤਾਬ ਸਮੇਂ ਸਿਰ ਨਾ ਦੇਣ ਵਾਲੇ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕੀਆਂ ਗਈਆਂ ਹਨ ਨਾ ਕਿ ਖ਼ਜ਼ਾਨਾ ਖ਼ਾਲੀ ਹੋਣ ਕਰਕੇ।

ਤਨਖ਼ਾਹਾਂ ਜਾਰੀ ਕਰਨ ਦੀ ਮੰਗ ਲਈ ਧਰਨੇ ਦੇ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਮਨਪ੍ਰੀਤ ਬਾਦਲ ਨੇ ਸਖ਼ਤ ਸੁਨੇਹਾ ਦਿੰਦਿਆਂ ਸਾਫ਼ ਕੀਤਾ ਕਿ ਜਿੰਨਾ ਚਿਰ ਇਹ ਵਿਭਾਗ ਚੱਲ ਰਹੇ ਖ਼ਾਤਿਆਂ ਦਾ ਹਿਸਾਬ ਨਹੀਂ ਦੇਣਗੇ, ਓਨਾ ਚਿਰ ਤਨਖ਼ਾਹ ਜਾਰੀ ਨਹੀਂ ਕੀਤੀ ਜਾਵੇਗੀ।

ਦੂਜੇ ਪਾਸੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਨੂੰ ਦੇਖਦੇ ਹੋਏ ਜਾਣਬੁੱਝ ਕੇ ਨਵਾਂ ਬਹਾਨਾ ਘੜ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਕਾਰਨ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਰੋਜ਼ਾਨਾ ਦਾ ਖ਼ਰਚਾ ਚਲਾਉਣਾ ਔਖਾ ਹੋਇਆ ਪਿਆ ਹੈ।

ਭਰੋਸੇਯੋਗ ਸੂਤਰਾਂ ਮੁਤਾਬਕ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਨੂੰ ਵੇਖਦੇ ਹੋਏ ਵਿੱਤ ਮੰਤਰੀ ਨੇ ਸਬੰਧਿਤ ਚਾਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਅਹਿਮ ਮੀਟਿੰਗ ਕੱਲ੍ਹ ਬੁੱਧਵਾਰ ਨੂੰ ਸਿਵਲ ਸਕੱਤਰਰੇਤ ਵਿਖੇ ਬੁਲਾਈ ਹੈ ਜਿਸ ਵਿਚ ਖਾਤਿਆਂ ਦੇ ਹਿਸਾਬ-ਕਿਤਾਬ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਮੁੱਦੇ 'ਤੇ ਚਰਚਾ ਹੋਵੇਗੀ।

ਮੀਟਿੰਗ ਵਿਚ ਖੇਤੀਬਾੜੀ ਵਿਭਾਗ, ਪੀਡਬਲਿਊਡੀ ਪੰਜਾਬ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਸਕੱਤਰਾਂ ਤੋਂ ਇਲਾਵਾ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ।

ਵਿੱਤ ਵਿਭਾਗ ਨੇ ਹਿਸਾਬ-ਕਿਤਾਬ ਮੰਗਿਆ ਸੀ

ਤਨਖਾਹਾਂ ਸਬੰਧੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਵਿੱਤ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਵਿਭਾਗਾਂ ਦੇ ਚੱਲ ਰਹੇ ਖ਼ਾਤਿਆਂ ਦਾ ਹਿਸਾਬ ਮੰਗਿਆ ਗਿਆ ਸੀ ਕਿਉਂਕਿ ਉਨ੍ਹਾਂ ਖ਼ਾਤਿਆਂ ਵਿਚ ਸਰਕਾਰੀ ਪੈਸਾ ਜਮ੍ਹਾਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਭਾਗਾਂ ਨੇ ਚੱਲ ਰਹੇ ਖਾਤਿਆਂ ਦਾ ਹਿਸਾਬ ਦੇ ਦਿੱਤਾ ਹੈ, ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਵਿੱਤ ਮੰਤਰੀ ਨੇ ਸਰਕਾਰੀ ਮੁਲਾਜ਼ਮਾਂ ਦੇ ਹਾਲਾਤ 'ਤੇ ਚਿੰਤਾ ਵੀ ਪ੍ਰਗਟਾਈ ਪਰ ਕਿਹਾ ਕਿ ਸਖ਼ਤੀ ਦੀ ਜ਼ਰੂਰਤ ਹੈ ਕਿਉਂਕਿ ਵਿਭਾਗਾਂ ਤੋਂ ਇਨ੍ਹਾਂ ਖ਼ਾਤਿਆਂ ਦਾ ਹਿਸਾਬ ਹਰ ਮਹੀਨੇ ਮੰਗਿਆ ਜਾਂਦਾ ਹੈ ਪਰ ਨਹੀਂ ਮਿਲਦਾ।

ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਤੇ ਪ੍ਰਦਰਸ਼ਨ ਜਾਰੀ

ਦੂਜੇ ਪਾਸੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਦੇ ਝੰਡੇ ਹੇਠ ਮੁਲਾਜ਼ਮਾਂ ਵੱਲੋਂ ਤਨਖ਼ਾਹ ਨਾ ਮਿਲਣ ਕਾਰਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਦੇ ਆਗੂਆਂ ਗੁਰਮੇਲ ਸਿੰਘ ਸਿੱਧੂ ਅਤੇ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਕਰਕੇ ਸੈਕਟਰ-17 ਵਿਚ ਰੋਸ ਰੈਲੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਅਜੇ ਤਕ ਕਈ ਵਿਭਾਗਾਂ ਦੀ ਤਨਖ਼ਾਹ ਅਜੇ ਤਕ ਜਾਰੀ ਨਹੀਂ ਕੀਤੀ ਗਈ।

ਖ਼ਾਤਿਆਂ ਦੇ ਹਿਸਾਬ ਲਈ ਉੱਚ ਅਧਿਕਾਰੀ 'ਤੇ ਦੋਸ਼

ਵਿਭਾਗੀ ਖ਼ਾਤਿਆਂ ਦਾ ਹਿਸਾਬ ਕਿਤਾਬ ਮਿਲਾਉਣ ਵਿਚ ਹੋਈ ਦੇਰ ਲਈ ਮੁਲਾਜ਼ਮ ਉੱਚ-ਅਧਿਕਾਰੀਆਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਘਰੇਲੂ ਖ਼ਰਚੇ ਚਲਾਉਣ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਨੇ ਦੋਸ਼ ਲਾਇਆ ਹੈ ਕਿ ਤਨਖ਼ਾਹਾਂ ਜਾਰੀ ਨਾ ਕਰ ਕੇ ਵਿੱਤ ਮੰਤਰੀ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ।

ਜਲ ਸਰੋਤ ਵਿਭਾਗ ਪੰਜਾਬ ਦੇ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਖ਼ਜ਼ਾਨਾ ਦਫ਼ਤਰਾਂ ਵੱਲੋਂ ਮੰਗਲਵਾਰ ਨੂੰ ਫਿਰ ਉਨ੍ਹਾਂ ਦੇ ਵਿਭਾਗ ਦੇ ਤਨਖ਼ਾਹ ਦੇ ਨਵੰਬਰ ਮਹੀਨੇ ਦੇ ਬਿੱਲ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਪੈਸ਼ਲ ਸੈਕਟਰੀ (ਖ਼ਰਚਾ)-ਕਮ-ਡਾਇਰੈਕਟਰ, ਟੀਐਂਡਏ, ਵਿੱਤ ਵਿਭਾਗ ਨਾਲ ਆਗੂਆਂ ਦੇ ਵਫ਼ਦ ਵੱਲੋਂ ਨਿੱਜੀ ਤੌਰ 'ਤੇ ਗੱਲਬਾਤ ਕੀਤੀ ਗਈ ਜਿਸ ਵਿਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਲ ਸਰੋਤ ਵਿਭਾਗ ਦੇ ਖੇਤਰੀ ਦਫ਼ਤਰਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚ ਲਗਪਗ 35 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਪਈ ਹੈ ਅਤੇ ਵਿਭਾਗ ਦੇ ਮੁਖੀਆਂ ਵੱਲੋਂ ਇਹ ਰਾਸ਼ੀ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚ ਜਮ੍ਹਾਂ ਨਹੀ ਕਰਵਾਈ ਗਈ ਜਦੋਂ ਤਕ ਇਹ ਰਾਸ਼ੀ ਵਿਭਾਗ ਵੱਲੋਂ ਖ਼ਜ਼ਾਨੇ ਵਿਚ ਜਮ੍ਹਾਂ ਨਹੀਂ ਕਰਵਾਈ ਜਾਂਦੀ ਉਦੋਂ ਤਕ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰਿਲੀਜ਼ ਨਹੀਂ ਕੀਤੀਆਂ ਜਾਣਗੀਆਂ।

ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਜਾਣਕਾਰੀ ਦਿਤੀ ਗਈ ਹੈ ਕਿ ਇਹ ਰਾਸ਼ੀ ਹਰਿਆਣਾ ਸਟੇਟ ਸ਼ੇਅਰ, ਰਾਜਸਥਾਨ ਸਟੇਟ ਸ਼ੇਅਰ, ਰੇਲਵੇ, ਆਰਮੀ ਆਦਿ ਦੇ ਵਿਕਾਸ ਕਾਰਜਾਂ ਲਈ ਰਾਖਵੀਂ ਪ੍ਰਾਪਤ ਹੁੰਦੀ ਹੈ ਜੋ ਕਿ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣੀ ਸੰਭਵ ਨਹੀ ਹੈ ਇਸ ਮਾਮਲੇ ਸਬੰਧੀ ਵਿੱਤ ਮੰਤਰੀ ਵੱਲੋਂ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਕੱਲ੍ਹ 11 ਦਸੰਬਰ ਨੂੰ ਦੁਪਹਿਰ 3.00 ਵਜੇ ਮੀਟਿੰਗ ਰੱਖੀ ਗਈ ਹੈ।