ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪਿਛਲੇ ਦਿਨੀਂ ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਆਗੂਆਂ ਵੱਲੋਂ ਧੱਕੇ ਨਾਲ ਭਾਜਪਾ ਵਿਚ ਸ਼ਾਮਲ ਕਰਨ ਦੇ ਦੋਸ਼ਾਂ ਨੂੰ ਲੀਰੋ-ਲੀਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਇਕਲੌਤਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ ਤੇ ਇਸ ਪਾਰਟੀ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਅਜਿਹਾ ਪਲੇਟਫਾਰਮ ਮਿਲ ਗਿਆ ਹੈ।

ਸਿਰਸਾ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਅਕਾਲੀ ਲੀਡਰਸ਼ਿਪ ਵੱਲੋਂ ਲਗਾਏ ਗਏ ਦੋਸ਼ਾਂ ’ਤੇ ਹੈਰਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਨੇ ਉਨ੍ਹਾਂ ਨਾਲ ਧੱਕਾ ਹੀ ਕਰਨਾ ਹੁੰਦਾ ਤਾਂ ਫਿਰ ਪਾਰਟੀ ਉਨ੍ਹਾਂ ਨੁੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਹੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ ਆਖਦੀ। ਉਹ ਸਵੈ-ਇੱਛਾ ਨਾਲ ਭਾਜਪਾ ਵਿਚ ਸ਼ਾਮਲ ਹੋਏ ਹਨ ਕਿਉਂਕਿ ਇਸ ਪਾਰਟੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਨ ਦੀ ਸਮਰੱਥਾ ਵਿਚ ਨਹੀਂ ਰਿਹਾ ਕਿਉਂਕਿ ਉਸ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ।

ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਕਿਸੇ ਵੀ ਤਰੀਕੇ ਦੇ ਦੋਸ਼ ਲਗਾਉਣ ਤੋਂ ਬਗੈਰ ਛੱਡਿਆ ਹੈ ਜਦੋਂ ਕਿ ਕਈ ਹੋਰਨਾਂ ਨੇ ਇਸ ਸਭ ਤੋਂ ਪੁਰਾਣੀ ਪਾਰਟੀ ’ਤੇ ਇਕੋ ਪਰਿਵਾਰ ’ਤੇ ਕੇਂਦਰਿਤ ਹੋਣ ਅਤੇ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਦੇ ਕਈ ਦੋਸ਼ ਲਗਾ ਕੇ ਪਾਰਟੀ ਛੱਡੀ।

ਸਿਰਸਾ ਨੇ ਕਿਹਾ ਕਿ ਉਨ੍ਹਾਂ ਖੁਦ ਨਾਲ ਦ੍ਰਿੜ੍ਹ ਸੰਕਲਪ ਕੀਤਾ ਹੋਇਆ ਹੈ ਕਿ ਉਹ ਸਿਰਫ ਸਿੱਖ ਕੌਮ ਦੇ ਮਸਲੇ ਹੱਲ ਕਰਨ ਤੇ ਕੌਮ ਦੀਆਂ ਮੰਗਾਂ ਪੂਰੀ ਕਰਵਾਉਣ ’ਤੇ ਧਿਆਨ ਕੇਂਦਰਤ ਕਰਨਗੇ ਅਤੇ ਕਿਸੇ ਵੱਲੋਂ ਵੀ ਲਗਾਏ ਜਾਣ ਵਾਲੇ ਬੇਫਜ਼ੂਲ ਦੋਸ਼ਾਂ ਨਾਲ ਉਨ੍ਹਾਂ ਦਾ ਧਿਆਨ ਭਟਕਣ ਵਾਲਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਵਸਦੇ ਬਲਕਿ ਪੰਜਾਬ ਵਿਚ ਵੀ ਵਸਦੇ ਸਿੱਖ ਆਪਣੇ ਮਸਲਿਆਂ ਲਈ ਉਨ੍ਹਾਂ ਵੱਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਮੇਘਾਲਿਆ, ਮੱਧ ਪਦੇਸ਼ ਤੇ ਯੂਪੀ ਦੇ ਸਿੱਖਾਂ ਦੇ ਕਈ ਮਸਲਿਆਂ ਨੇ ਉਨ੍ਹਾਂ ਨੂੰ ਘੇਰਿਆ ਹੋਇਆ ਹੈ ਤੇ ਉਹ ਸੰਕਟ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਰਦੁਆਰਾ ਡੋਂਗਮਾਰ, ਗਿਆਨ ਗੋਦੜੀ ਤੇ ਅਨੇਕਾਂ ਹੋਰ ਮਸਲਿਆਂ ਨੁੰ ਹੱਲ ਕਰਨ ਦੀ ਜ਼ਰੂਰਤ ਹੈ। ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਤੇ ਸਿੱਖ ਵਿਦਿਆਰਥੀਆਂ ਨੂੰ ਬੁਲੰਦੀਆਂ ਛੂਹਣ ਵਿਚ ਮਦਦ ਕਰਨਾ ਉਨ੍ਹਾਂ ਦਾ ਟੀਚਾ ਹੈ ਜੋ ਉਹ ਇਕ ਭਾਜਪਾ ਆਗੂ ਵਜੋਂ ਦੇਸ਼ ਵਿਚ ਕਰ ਸਕਦੇ ਹਨ।

Posted By: Jagjit Singh