ਜੇਐੱਨਐੱਨ, ਚੰਡੀਗੜ੍ਹ

ਅਯੁੱਧਿਆ ਵਿਚ ਭਗਵਾਨ ਰਾਮ ਚੰਦਰ ਦੇ ਮੰਦਰ ਦੀ ਨੀਂਹ ਰੱਖੀ ਜਾਣੀ ਹੈ, ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਰਮਾਇਣ ਦਾ ਪਾਠ ਸ਼ੁਰੂ ਹੋ ਗਿਆ। ਕਈ ਮੰਦਰਾਂ ਵਿਚ ਰਮਾਇਣ ਦੇ ਪਾਠ ਦੇ ਨਾਲ ਹੀ ਭਜਨ ਕੀਰਤਨ ਹੋਇਆ ਤੇ ਸ਼ਰਧਾਲੂਆਂ ਨੂੰ ਅੌਸ਼ਧੀ ਗੁਣਾਂ ਵਾਲੇ ਬੂਟੇ ਤਕਸੀਮ ਕੀਤੇ ਗਏ। ਦਿਨ ਵੇਲੇ ਰਮਾਇਣ ਦੇ ਪਾਠ ਸ਼ੁਰੂ ਕਰਨ ਮਗਰੋਂ ਸ਼ਾਮ ਵੇਲੇ ਿਘਓ ਦੇ ਦੀਵੇ ਜਗਾਏ ਗਏ। ਇਸ ਦੌਰਾਨ ਭਗਵਾਨ ਰਾਮ ਦਾ ਮੰਦਰ ਬਣਨ ਦੀ ਖ਼ੁਸ਼ੀ ਜ਼ਾਹਰ ਕੀਤੀ ਗਈ। ਸਨਾਤਨ ਧਰਮ ਮੰਦਰ ਸੈਕਟਰ-7 ਦੇ ਪੁਜਾਰੀ ਅਚਾਰੀਆ ਸੀਤਾ ਰਾਮ ਨੇ ਦੱਸਿਆ ਕਿ ਅਨੇਕ ਸਾਲਾਂ ਮਗਰੋਂ ਮੰਦਰ ਬਣਨ ਦਾ ਸੁਪਨਾ ਪੂਰਾ ਹੋ ਰਿਹਾ ਹੈ। ਇਸ ਦੀ ਖ਼ੁਸ਼ੀ ਮਨਾਉਣ ਲਈ ਪਾਠ ਕੀਤੇ ਗਏ ਹਨ।

ਅੱਜ ਕੀਤਾ ਜਾਣੈ ਹਵਨ

ਰਮਾਇਣ ਦਾ ਪਾਠ ਬੁੱਧਵਾਰ ਨੂੰ ਦੁਪਹਿਰੇ 11 ਵਜੇ ਤਕ ਚੱਲੇਗਾ। ਉਸ ਮਗਰੋਂ ਹਵਨ ਕੀਤਾ ਜਾਣਾ ਹੈ। ਕਰੀਬ ਸਵਾ 12 ਵਜੇ ਉਨ੍ਹਾਂ ਦਾ ਉਚਾਰਣ ਕੀਤਾ ਜਾਣਾ ਹੈ, ਜੋ ਕਿ ਕੋਈ ਵੀ ਨਵਾਂ ਕਾਰਜ ਕਰਨ ਲੱਗਿਆਂ ਬੋਲੇ ਜਾਂਦੇ ਹਨ। ਮੰਤਰ ਉਚਾਰਣ ਦਾ ਮਕਸਦ ਭਗਵਾਨ ਦੇ ਮੰਦਰ ਦੀ ਉਸਾਰੀ ਜਲਦੀ ਤੇ ਸਹੀ ਤਰੀਕੇ ਹੋਣ ਦੀ ਕਾਮਨਾ ਕਰਨਾ ਹੈ। ਕਾਬਿਲੇ ਜ਼ਿਕਰ ਹੈ ਕਿ ਭਗਤਾਂ ਨੂੰ ਜਿਹੜੇ ਅੌਸ਼ਧੀ ਗੁਣਾਂ ਵਾਲੇ ਬੂਟੇ ਵੰਡੇ ਗਏ ਹਨ, ਉਨ੍ਹਾਂ ਵਿਚ ਗਲੋਏ, ਜਵੈਣ ਤੇ ਤੁਲਸੀ ਦੇ ਬੂਟੇ ਸ਼ਾਮਲ ਹਨ। ਇਸ ਕਾਰਜ ਦਾ ਮਕਸਦ ਸ਼ਰਧਾਲੂਆਂ ਨੂੰ ਬਿਮਾਰੀ ਮੁਕਤ ਰੱਖਣਾ ਹੈ।