ਮੰਡੀ ਠੇਕੇਦਾਰਾਂ ਨੇ ਫੜ ਲਗਾਉਣ ਖਾਤਰ ਪੁੱਟ ਦਿੱਤੇ ਬੂਟੇ, ਸਥਾਨਕ ਵਾਸੀਆਂ ਅੰਦਰ ਭਾਰੀ ਰੋਸ
ਮੰਡੀ ਠੇਕੇਦਾਰਾਂ ਨੇ ਫੜ ਲਗਾਉਣ ਖਾਤਰ ਪੁੱਟ ਦਿੱਤੇ ਬੂਟੇ, ਸਥਾਨਕ ਵਾਸੀਆਂ ਅੰਦਰ ਭਾਰੀ ਰੋਸ
Publish Date: Tue, 09 Dec 2025 08:56 PM (IST)
Updated Date: Tue, 09 Dec 2025 08:57 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਗੁਲਾਬਗੜ੍ਹ ਰੋਡ ਸਥਿਤ ਧਾਰਮਿਕ ਅਸਥਾਨ ਦੇ ਨੇੜੇ ਲੱਗਣ ਵਾਲੀ ਸੋਮਵਾਰ ਮੰਡੀ ਦੇ ਠੇਕੇਦਾਰਾਂ ਵੱਲੋਂ ਸਰਕਾਰੀ ਟਿਊਬਵੈੱਲ ਦੇ ਕੋਲ ਲਾਏ ਛਾਂਦਾਰ ਬੂਟੇ ਪੁੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋ ਸਾਲਾ ਦੀ ਮਿਹਨਤ ਨਾਲ ਉਗੇ ਇਹ ਬੂਟੇ ਸਿਰਫ਼ ਇਸ ਲਈ ਖ਼ਤਮ ਕਰ ਦਿੱਤੇ ਗਏ ਤਾਂ ਕਿ ਉਸ ਸਥਾਨ ’ਤੇ ਫੜ ਲਾਈ ਜਾ ਸਕੇ। ਇਸ ਘਟਨਾ ਨੇ ਸਥਾਨਕ ਵਾਸੀਆਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਸਰਕਾਰੀ ਟਿਊਬਵੈੱਲ ਕੋਲੋਂ ਬੂਟੇ ਪੁੱਟਣ ਦੇ ਦੋਸ਼ ਵਿਚ ਉਨ੍ਹਾਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਪ੍ਰਦੂਸ਼ਣ ਨਾਲ ਜੂਝ ਰਹੇ ਡੇਰਾਬੱਸੀ ਵਿਚ ਹਰੇ-ਭਰੇ ਰੁੱਖ ਬਚਾਉਣਾ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ। ਅਜਿਹੇ ਸਮੇਂ ਵਿਚ ਮੰਡੀ ਪ੍ਰਬੰਧਕਾਂ ਵੱਲੋਂ ਬੂਟੇ ਉਖਾੜ ਕੇ ਨਾ ਸਿਰਫ਼ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਬਲਕਿ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ। ਗੁਲਾਬਗੜ੍ਹ ਰੋਡ ਦੀ ਗਲੀ ਨੰ. 11 ਅਤੇ 12 ਦੇ ਲੋਕਾਂ ਨੇ ਦੋਸ਼ ਲਾਇਆ ਕਿ ਮੰਡੀ ਕਾਰਨ ਪੈਦਾ ਹੋਣ ਵਾਲੇ ਕੂੜਾ-ਕਰਕਟ ਨੂੰ ਇੱਥੇ ਅੱਗ ਲਗਾ ਕੇ ਪਹਿਲਾਂ ਹੀ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲ ਵਿਚ ਪਾਈ ਹੋਈ ਹੈ। ਉੱਪਰੋਂ ਹਰੇ ਬੂਟੇ ਉਖਾੜ ਕੇ ਵੱਡਾ ਅਪਰਾਧ ਕੀਤਾ ਹੈ। ਵਸਨੀਕ ਰਜਿੰਦਰ ਸਿੰਘ, ਬਲਵੀਰ ਸਿੰਘ, ਨਾਥ ਸਿੰਘ, ਕੁਲਦੀਪ ਸਿੰਘ, ਅਵਨੀਤ ਸਿੰਘ, ਸੁਰਿੰਦਰ ਸਿੰਘ, ਬਲਪਿੰਦਰ ਕੌਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੂਟੇ ਪੁੱਟਣ ਵਾਲੇ ਮੰਡੀ ਠੇਕੇਦਾਰਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਇਕ ਬੂਟੇ ਨੂੰ ਵੱਡਾ ਹੋਣ ਲਈ ਦੋ ਤੋਂ ਤਿੰਨ ਸਾਲ ਲੱਗਦੇ ਹਨ, ਜਦਕਿ ਆਵਾਰਾ ਜਾਨਵਰਾਂ ਤੋਂ ਬਚਾ ਕੇ ਉਸਨੂੰ ਜਿਉਂਦਾ ਰੱਖਣਾ ਪਹਿਲਾਂ ਹੀ ਬਹੁਤ ਮੁਸ਼ਕਲ ਹੁੰਦਾ ਹੈ। ਉਧਰ, ਧਾਰਮਿਕ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜੇਕਰ ਮੰਡੀ ਠੇਕੇਦਾਰਾਂ ਵੱਲੋਂ ਇਹ ਘਿਨੌਣਾ ਕਿਰਤ ਕੀਤਾ ਗਿਆ ਹੈ ਤਾਂ ਸੰਸਥਾ ਇਸ ਸਬੰਧੀ ਕਾਰਵਾਈ ਕਰਵਾਏਗੀ ਅਤੇ ਜਲਦ ਹੀ ਹੋਰ ਬੂਟੇ ਲਾ ਕੇ ਇਸ ਘਾਟੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।