ਜੇਐੱਨਐੱਨ, ਮਨੀਮਾਜਰਾ (ਚੰਡੀਗੜ੍ਹ) : ਇਲਾਜ ਦੌਰਾਨ ਮਨੀਮਾਜਰਾ ਸਿਵਲ ਹਸਪਤਾਲ ’ਚ 16 ਸਾਲ ਦੇ ਨੌਜਵਾਨ ਨਵਦੀਪ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਨਵਦੀਪ ਰਾਮਦਰਬਾਰ ਦਾ ਰਹਿਣ ਵਾਲਾ ਸੀ। ਪੀੜਤ ਪਰਿਵਾਰ ਨੇ ਹਸਪਤਾਲ ਪ੍ਰਬੰਧਨ ’ਤੇ ਇਲਾਜ ’ਚ ਵਰਤੀ ਲਾਪਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੀ ਗੰਭੀਰ ਸਥਿਤੀ ਹੁੰਦੇ ਹੋਏ ਵੀ ਡਾਕਟਰਾਂ ਨੇ ਸਹੀ ਸਮਾਂ ਅਤੇ ਸਹੀ ਢੰਗ ਨਾਲ ਉਸਦਾ ਇਲਾਜ ਨਹੀਂ ਕੀਤਾ। ਉਥੇ ਹੀ ਸੂਚਨਾ ਮਿਲਦੇ ਹੀ ਮਨੀਮਾਜਰਾ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਪਰਿਵਾਰ ਵਾਲਿਆਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਥੇ ਹੀ ਹਸਪਤਾਲ ਪ੍ਰਬੰਧਨ ਨੇ ਇਸ ਮਾਮਲੇ ’ਚ ਹਾਲੇ ਤਕ ਆਪਣਾ ਪੱਖ ਨਹੀਂ ਰੱਖਿਆ। ਨਵਦੀਪ ਦਾ ਮਨੀਮਾਜਰਾ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।

ਨੌਜਵਾਨ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸੈਕਟਰ-17 ਡੀਸੀ ਆਫਿਸ ਦੇ ਬਾਹਰ ਟਾਈਪਿਸਟ ਹੈ। ਉਹ ਪਰਿਵਾਰ ਦੇ ਨਾਲ ਰਾਮਦਰਬਾਰ ਫੇਸ ਦੋ ’ਚ ਰਹਿੰਦਾ ਹੈ। ਉਸਦੇ ਦੋ ਪੁੱਤਰ ਨਵਦੀਪ ਅਤੇ ਵੰਸ਼ ਹਨ। ਨਵਦੀਪ ਸੈਂਟ ਸੋਲਜਰ ਸਕੂਲ ’ਚ ਦਸਵੀਂ ਕਲਾਸ ’ਚ ਪੜਦਾ ਸੀ।

ਕੁਲਦੀਪ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਨਵਦੀਪ ਨੂੰ ਹਲਕਾ ਬੁਖ਼ਾਰ ਹੋਇਆ ਸੀ, ਜਿਸਤੋਂ ਬਾਅਦ ਉਸਨੂੰ ਦਵਾਈ ਦਿੱਤੀ ਗਈ। ਬੁੱਧਵਾਰ ਸ਼ਾਮ ਨੂੰ ਉਹ ਟਿਊਸ਼ਨ ਪੜ੍ਹਨ ਗਿਆਸੀ। ਵਾਪਸ ਆ ਕੇ ਉਹ ਆਪਣੇ ਕਮਰੇ ’ਚ ਸੌਣ ਚਲਾ ਗਿਆ। ਰਾਤ ਨੂੰ ਦੋ ਵਜੇ ਉਲਟੀ ਆਈ। ਉਸਦੀ ਆਵਾਜ਼ ਸੁਣ ਕੇ ਪੂਰਾ ਪਰਿਵਾਰ ਉੱਠ ਗਿਆ। ਤਿੰਨ ਵਜੇ ਤੋਂ ਬਾਅਦ ਉਸਨੂੰ ਦੁਬਾਰਾ ਉਲਟੀ ਆਈ। ਤਬੀਅਤ ਖ਼ਰਾਬ ਹੁੰਦੇ ਦੇਖ ਉਹ ਉਸਨੂੰ ਸਵੇਰੇ 4 ਵਜੇ ਮਨੀਮਾਜਰਾ ਸਿਵਲ ਹਸਪਤਾਲ ’ਚ ਲੈ ਗਏ, ਜਿਥੇ ਸਵੇਰੇ 11 ਵਜੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।

ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ’ਚ ਡਾਕਟਰ ਅਤੇ ਦੋ ਨਰਸਾਂ ਨੇ ਇਲਾਜ ’ਚ ਲਾਪਰਵਾਹੀ ਵਰਤੀ। ਸਵੇਰੇ ਇਕ ਇੰਜੈਕਸ਼ਨ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਕੋਈ ਦਵਾਈ ਨਹੀਂ ਦਿੱਤੀ। ਨਵਦੀਪ ਵਾਰ-ਵਾਰ ਇਹ ਕਹਿੰਦਾ ਰਿਹਾ ਕਿ ਉਸਦਾ ਦਮ ਘੁੱਟ ਹੋ ਰਿਹਾ ਹੈ। ਘਬਰਾਹਟ ਹੋ ਰਹੀ ਹੈ। ਨਰਸਾਂ ਨੇ ਕਿਹਾ ਕਿ ਇਸਦੇ ਪਲੇਟਲੇਟਸ ਘੱਟ ਹੋ ਕੇ 43 ਹਜ਼ਾਰ ਰਹਿ ਗਏ ਹਨ। ਇਸ ਲਈ ਘਬਰਾਹਟ ਹੋ ਰਹੀ ਹੈ। ਉਨ੍ਹਾਂ ਨੇ ਕਈ ਵਾਰ ਡਾਕਟਰਸ ਨੂੰ ਕਿਹਾ ਕਿ ਜੇਕਰ ਗੰਭੀਰ ਮਾਮਲਾ ਹੈ ਤਾਂ ਉਹ ਉਸਨੂੰ ਪੀਜੀਆਈ ਜਾਂ ਪ੍ਰਾਈਵੇਟ ਹਸਪਤਾਲ ਲਿਜਾ ਸਕਦੇ ਹਨ। ਪਰ ਡਾਕਟਰ ਉਨ੍ਹਾਂ ਨੂੰ ਇਹੀ ਕਹਿੰਦੇ ਰਹੇ ਕਿ ਕੋਈ ਘਬਰਾਉਣ ਵਾਲੀ ਕੋਈ ਗੱਲ ਨਹੀਂ।

Posted By: Ramanjit Kaur