ਜੈ ਸਿੰਘ ਛਿੱਬਰ, ਚੰਡੀਗੜ੍ਹ : ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਨਵਜੋਤ ਸਿੱਧੂ ’ਤੇ ਹਮਲਾ ਕਰਦਿਆਂ ਕਿਹਾ ਹੈ ਕਿ ਜਦੋਂ ਬੇਅਦਬੀ, ਕੋਟਕਪੂਰਾ ਗੋਲੀ ਕਾਂਡ ਵਾਪਰੇ ਉਦੋਂ ਸਿੱਧੂ ਜੋੜਾ ਗੱਠਜੋੜ ਸਰਕਾਰ ਦਾ ਹਿੱਸਾ ਸੀ ਤੇ ਉਦੋਂ ਦੋਵਾਂ ਨੇ ਅਸਤੀਫ਼ਾ ਕਿਉਂ ਨਹੀਂ ਦਿੱਤੇ ਸਨ?

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਕੁਸ਼ਲਦੀਪ ਢਿੱਲੋਂ ਵੱਲੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਮਨਘੜਤ ਰਿਪੋਰਟ ਤਿਆਰ ਕਰਨ ’ਤੇ ਅਸਤੀਫਾ ਦੇਣ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਕਿਹਾ ਕਿ ਸਾਬਕਾ ਆਈਜੀ ਕੁੰਵਰ ਵਿਜੇਪ੍ਰਤਾਪ ਜਿਸ ਦੀ ਰਿਪੋਰਟ ਹਾਈ ਕੋਰਟ ਨੇ ਰੱਦ ਕੀਤੀ ਹੈ, ਦੀ ਚੋਣ ਮੰਤਰੀ ਮੰਡਲ ਦੇ ਸਾਥੀਆਂ ਨੇ ਕੀਤੀ ਸੀ। ਮਜੀਠੀਆ ਨੇ ਕਿਹਾ ਕਿ ਜਿਸ ਵੇਲੇ ਘਟਨਾ ਵਾਪਰੀ ਉਸ ਵੇਲੇ ਨਵਜੋਤ ਸਿੱਧੂ ਗੱਠਜੋੜ ਸਰਕਾਰ ਦਾ ਹਿੱਸਾ ਸੀ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਮੁੱਖ ਪਾਰਲੀਮਾਨੀ ਸਕੱਤਰ ਸਨ। ਉਸ ਵੇਲੇ ਬੀਬੀ ਸਿੱਧੂ ਨੇ ਅਸਤੀਫਾ ਨਹੀਂ ਦਿੱਤਾ ਤੇ ਹੁਣ ਵੀ ਉਸੇ ਤਰੀਕੇ ਨਾਲ ਮੌਕਾਪ੍ਰਸਤੀ ਦੀ ਸਿਆਸਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹੀ ਹਾਲ ਉਨ੍ਹਾਂ ਕੈਬਨਿਟ ਮੰਤਰੀਆਂ ਤੇ ਆਗੂਆਂ ਦਾ ਹੈ ਜਿਨ੍ਹਾਂ ਨੇ ਦਾਗੀ ਪੁਲਿਸ ਅਫ਼ਸਰ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਐੱਸਆਈਟੀ ਵੱਲੋਂ ਕੇਸ ਦੀ ਸਹੀ ਜਾਂਚ ਕਰ ਕੇ ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ’ਤੇ ਅਕਾਲੀ ਦਲ ਨੂੰ ਕੇਸ ਵਿਚ ਫਸਾਇਆ ਜਾ ਸਕੇ।

ਮਜੀਠੀਆ ਨੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ’ਤੇ ਕਾਂਗਰਸ ਪਾਰਟੀ ਨਾਲ ਰਲ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਅਕਾਲੀ ਆਗੂ ਨੇ ਕਿਹਾ ਕਿ ਸਾਬਕਾ ਪੁਲਿਸ ਅਫ਼ਸਰ ਨੇ ਦਾਅਵਾ ਕੀਤਾ ਸੀ ਕਿ ਉਹ ਅਜਿਹੀ ਚਾਰਜਸ਼ੀਟ ਬਣਾਉਣਗੇ ਜੋ ਮੁਲਕ ਵਿਚ ਪਹਿਲਾਂ ਕਦੇ ਨਹੀਂ ਬਣੀ।

ਮਜੀਠੀਆ ਨੇ ਕਿਹਾ ਕਿ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਵਿਚ 11 ਪੁਲਿਸ ਅਫਸਰਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ ਪਰ ਕਾਂਗਰਸ ਸਰਕਾਰ ਨੇ ਚਲਾਨ ਵਿੱਚੋਂ 7 ਪੁਲਿਸ ਅਫਸਰਾਂ ਦੇ ਨਾਂ ਕੱਢ ਦਿੱਤੇ।

Posted By: Jagjit Singh