ਸਟੇਟ ਬਿਊਰੋ, ਚੰਡੀਗੜ੍ਹ : ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਦੀਆਂ ਜਾਇਦਾਦਾਂ ਨੂੰ ਲੈ ਕੇ ਜਾਰੀ ਵਿਵਾਦ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਰਾਮ ਲਗਾ ਦਿੱਤਾ ਹੈ। ਕੋਰਟ ਨੇ ਹਰਿੰਦਰ ਸਿੰਘ ਦੀ ਵੱਡੀ ਧੀ ਰਾਜਕੁਮਾਰੀ ਅੰਮਿ੍ਤ ਕੌਰ ਨੂੰ ਵੀ ਮਹਾਰਾਜਾ ਦੀ ਜਾਇਦਾਦ 'ਚ ਕਾਨੂੰਨੀ ਹਿੱਸਾ ਦੇਣ ਦੇ ਆਦੇਸ਼ ਦਿੱਤੇ ਹਨ।

ਰਾਜਕੁਮਾਰੀ ਅੰਮਿ੍ਤ ਕੌਰ ਤੇ ਹੋਰ ਦਾਅਵੇਦਾਰਾਂ ਦੀਆਂ ਪਟੀਸ਼ਨਾਂ 'ਤੇ ਫ਼ੈਸਲਾ ਸੁਣਾਉਂਦੇ ਹੋਏ ਜਸਟਿਸ ਰਾਜਮੋਹਨ ਸਿੰਘ ਨੇ ਮਹਾਰਾਜਾ ਹਰਿੰਦਰ ਸਿੰਘ ਦੀ ਪਹਿਲੀ ਜੂਨ, 1982 ਨੂੰ ਬਣਾਈ ਵਸੀਅਤ ਨੂੰ ਖ਼ਾਰਜ ਕਰ ਦਿੱਤਾ। ਕੋਰਟ ਨੇ ਇਸ ਵਸੀਅਤ ਦੇ ਆਧਾਰ 'ਤੇ ਗਠਿਤ ਕੀਤੇ ਗਏ ਮਹਾਰਾਵਲ ਖੀਵਾਜੀ ਟਰੱਸਟ ਨੂੰ ਵੀ ਰੱਦ ਕਰ ਦਿੱਤਾ।

ਆਪਣੇ ਫ਼ੈਸਲੇ 'ਚ ਹਾਈ ਕੋਰਟ ਨੇ ਕਿਹਾ ਕਿ 16 ਅਕਤੂਬਰ, 1989 ਨੂੰ ਮਹਾਰਾਜਾ ਹਰਿੰਦਰ ਸਿੰਘ ਦੀ ਮੌਤ ਸਮੇਂ ਉਨ੍ਹਾਂ ਦੀ ਮਾਂ ਮਹਾਰਾਣੀ ਮਹਿੰਦਰ ਕੌਰ ਜ਼ਿੰਦਾ ਸਨ। ਅਜਿਹੇ 'ਚ ਮਹਾਰਾਜਾ ਹਰਿੰਦਰ ਸਿੰਘ ਦੀ ਮੌਤ ਹੋਣ 'ਤੇ ਉਨ੍ਹਾਂ ਦੀ ਮਾਂ ਰਾਣੀ ਮਹਿੰਦਰ ਕੌਰ ਉਨ੍ਹਾਂ ਦੀ ਅਸਲੀ ਵਾਰਿਸ ਸੀ। ਕੋਰਟ ਨੇ ਰਾਣੀ ਮਹਿੰਦਰ ਕੌਰ ਦੀ 29 ਮਾਰਚ, 1989 ਨੂੰ ਬਣਾਈ ਗਈ ਮਹਾਰਾਜਾ ਦੀ ਵਸੀਅਤ ਦੇ ਆਧਾਰ 'ਤੇ ਰਾਜਕੁਮਾਰੀ ਅੰਮਿ੍ਤ ਕੌਰ ਨੂੰ ਮਹਾਰਾਜਾ ਹਰਿੰਦਰ ਸਿੰਘ ਦੀ ਵਿਰਾਸਤ 'ਚ ਉਨ੍ਹਾਂ ਦਾ ਕਾਨੂੰਨੀ ਹਿੱਸਾ ਦਿੱਤੇ ਜਾਣ ਦੇ ਆਦੇਸ਼ ਦਿੱਤੇ ਹਨ।

ਇਹ ਹੈ ਵਿਵਾਦ

ਮਹਾਰਾਜਾ ਹਰਿੰਦਰ ਸਿੰਘ ਦੀਆਂ ਚਾਰ ਸੰਤਾਨਾਂ 'ਚ ਇਕ ਪੁੱਤਰ ਤੇ ਤਿੰਨ ਧੀਆਂ ਸਨ। ਉਨ੍ਹਾਂ ਦੇ ਪੁੱਤਰ ਹਰਮੋਹਿੰਦਰ ਸਿੰਘ ਦੀ 1981 'ਚ ਹੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੀ ਵਸੀਅਤ ਦੇ ਦਾਅਵੇਦਾਰਾਂ 'ਚ ਉਨ੍ਹਾਂ ਦੀਆਂ ਤਿੰਨ ਧੀਆਂ ਰਾਜਕੁਮਾਰੀ ਅੰਮਿ੍ਤ ਕੌਰ, ਰਾਜਕੁਮਾਰੀ ਦੀਇੰਦਰ ਕੌਰ ਤੇ ਰਾਜਕੁਮਾਰੀ ਮਹਿਪਿੰਦਰ ਕੌਰ ਹੀ ਰਹਿ ਗਈਆਂ ਸਨ। ਰਾਜਾ ਹਰਿੰਦਰ ਸਿੰਘ ਦੀ ਮੌਤ ਦੇ ਬਾਅਦ ਉਨ੍ਹਾਂ ਦੀ ਕਥਿਤ ਤੌਰ 'ਤੇ ਸਾਲ 1982 'ਚ ਬਣਾਈ ਗਈ ਵਸੀਅਤ ਦੇ ਆਧਾਰ 'ਤੇ ਮਹਾਰਾਵਲ ਖੀਵਾਜ ਟਰੱਸਟ ਹੁਣ ਤਕ ਇਨ੍ਹਾਂ ਜਾਇਦਾਦਾਂ ਨੂੰ ਚੁਣੌਤੀ ਦਿੰਦੇ ਹੋਏ ਰਾਜਕੁਮਾਰੀ ਅੰਮਿ੍ਤ ਕੌਰ ਨੇ ਮਹਾਰਾਜਾ ਹਰਿੰਦਰ ਸਿੰਘ ਦੀ ਵੱਡੀ ਧੀ ਹੋਣ ਦੇ ਨਾਤੇ ਉਨ੍ਹਾਂ ਦੀ ਵਾਰਿਸ ਬਣਾਏ ਜਾਣ ਜਾਂ ਜਾਇਦਾਦ 'ਚੋਂ ਉਨ੍ਹਾਂ ਨੂੰ ਇਕ-ਤਿਹਾਈ ਹਿੱਸਾ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਮਹਾਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ ਵੀ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਵਸੀਅਤ 'ਚ ਸਥਾਈ ਟਰੱਸਟ ਤੇ ਇਸ ਦੇ ਮੈਂਬਰਾਂ ਦੇ ਗਠਨ ਦੀ ਗੱਲ ਕਹੀ ਗਈ ਸੀ। ਵਸੀਅਤ 'ਚ ਕਈ ਸ਼ੱਕੀ ਵਿਵਸਥਾਵਾਂ ਸਨ।

ਟ੍ਰਾਇਲ ਕੋਰਟ ਨੇ ਵੀ ਖ਼ਾਰਜ ਕੀਤੀ ਸੀ ਵਸੀਅਤ

ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ ਵੀ 1982 'ਚ ਬਣਾਈ ਗਈ ਵਸੀਅਤ ਨੂੰ ਖ਼ਾਰਜ ਕਰਦੇ ਹੋਏ ਰਾਜਕੁਮਾਰੀ ਅੰਮਿ੍ਤ ਕੌਰ ਨੂੰ ਮਹਾਰਾਣੀ ਦੀਪਇੰਦਰ ਕੌਰ ਦੇ ਨਾਲ ਰਾਜਾ ਹਰਿੰਦਰ ਸਿੰਘ ਦੀਆਂ ਜਾਇਦਾਦਾਂ ਦਾ ਕਾਨੂੰਨੀ ਵਾਰਿਸ ਠਹਿਰਾਇਆ ਸੀ। ਇਸ ਸਮੇਂ ਮਹਾਰਾਜਾ ਹਰਿੰਦਰ ਸਿੰਘ ਦੀ ਇਕ ਹੀ ਸੰਤਾਨ ਉਨ੍ਹਾਂ ਦੀ ਵੱਡੀ ਧੀ ਅੰਮਿ੍ਤ ਕੌਰ ਹੀ ਜ਼ਿੰਦਾ ਹੈ।

ਸੂਰਜਗੜ੍ਹ ਦਾ ਕਿਲ੍ਹਾ ਵੀ ਮਹਾਰਾਜਾ ਹਰਿੰਦਰ ਸਿੰਘ ਦੀ ਜਾਇਦਾਦ

ਮਹਾਰਾਜਾ ਹਰਿੰਦਰ ਸਿੰਘ ਦੀਆਂ ਜਾਇਦਾਦਾਂ 'ਚ ਚੰਡੀਗੜ੍ਹ ਦੇ ਸੈਕਟਰ-17 'ਚ ਉਨ੍ਹਾਂ ਦੇ ਸਾਲ 1962 'ਚ ਖ਼ਰੀਦੀ ਗਈ ਹੋਟਲ ਸਾਈਟ ਦੇ ਇਲਾਵਾ ਮਨੀਮਾਜਰਾ 'ਚ ਵੀਰਾਨ ਪਿਆ ਸੂਰਜਗੜ੍ਹ ਕਿਲ੍ਹਾ ਵੀ ਸ਼ਾਮਲ ਹੈ। ਉਨ੍ਹਾਂ ਦੀਆਂ ਜਾਇਦਾਦਾਂ ਦੇ ਵਿਵਾਦ 'ਚ ਟ੍ਰਾਇਲ ਕੋਰਟ ਨੇ ਆਪਣੇ ਆਦੇਸ਼ 'ਚ ਸਪੱਸ਼ਟ ਕੀਤਾ ਸੀ ਕਿ ਰਾਜਕੁਮਾਰੀ ਅੰਮਿ੍ਤ ਕੌਰ, ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਲਈਆਂ ਜਾ ਚੁੱਕੀਆਂ ਜਾਇਦਾਦਾਂ ਦੇ ਇਲਾਵਾ ਹੋਰ ਸਾਰੀਆਂ ਜਾਇਦਾਦਾਂ 'ਤੇ ਰਾਜਕੁਮਾਰੀ ਅੰਮਿ੍ਤ ਕੌਰ ਦਾ ਵੀ ਹਿੱਸਾ ਹੋਵੇਗਾ।

ਪੱਛਮੀ ਬੰਗਾਲ ਤੇ ਹਿਮਾਚਲ ਨਾਲ ਸਬੰਧ

ਰਾਜਕੁਮਾਰੀ ਦੀਪਇੰਦਰ ਕੌਰ ਦਾ ਵਿਆਹ ਪੱਛਮੀ ਬੰਗਾਲ ਦੀ ਬਰਧਮਾਨ ਰਿਆਸਤ ਦੇ ਸਾਦੇ ਚੰਦ ਮਹਿਤਾਬ (ਪਿ੍ਰੰਸ ਹੈਨਰੀ) ਨਾਲ ਹੋਇਆ ਸੀ। ਇਨ੍ਹਾਂ ਦਾ ਇਕ ਪੁੱਤਰ ਤੇ ਧੀ ਹੈ। ਪੁੱਤਰ ਜੈਚੰਦ ਮਹਿਤਾਬ ਰਿਆਸਤ ਦਾ ਕੰਮ ਦੇਖ ਰਹੇ ਹਨ। ਧੀ ਨਿਸ਼ਾ ਜਰਮਨੀ 'ਚ ਰਹਿੰਦੀ ਹੈ। ਮਹਾਰਾਜਾ ਹਰਿੰਦਰ ਸਿੰਘ ਦੇ ਛੋਟੇ ਭਰਾ ਕੰਵਲ ਮਨਜੀਤ ਸਿੰਘ ਦੇ ਪੁੱਤਰ ਰਵਿੰਦਰ ਸਿੰਘ ਦਾ ਵਿਆਹ 2015 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪੋਤੀ ਮੀਨਾਕਸ਼ੀ ਨਾਲ ਹੋਇਆ ਹੈ।