ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਝੋਨੇ ਦੇ ਬੀਜ ਘੁਟਾਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਹੁਣ ਤਕ ਇਸ ਮਾਮਲੇ ਨਾਲ ਸਬੰਧਤ ਤਿੰਨ ਵਿਅਕਤੀ ਪੁਲਿਸ ਦੀ ਹਿਰਾਸਤ ਵਿਚ ਹਨ।

ਡੇਰਾ ਬਾਬਾ ਨਾਨਕ ਬਟਾਲਾ ਦੇ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲਖਵਿੰਦਰ ਸਿੰਘ ਉਰਫ ਲੱਕੀ ਢਿੱਲੋਂ ਨੂੰ ਡੀਜੀਪੀ ਦਿਨਕਰ ਗੁਪਤਾ ਵੱਲੋਂ ਬਣਾਈ ਗਈ ਰਾਜ ਪੱਧਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਬੀਜ ਘੁਟਾਲੇ ਦੀ ਤਹਿ ਤਕ ਜਾਣ ਲਈ ਗਿ੍ਫ਼ਤਾਰ ਕੀਤਾ ਹੈ।

ਗੁਪਤਾ ਨੇ ਖ਼ੁਲਾਸਾ ਕੀਤਾ ਕਿ ਲੱਕੀ ਢਿੱਲੋਂ ਨੇ ਕੁਝ ਕਿਸਾਨਾਂ ਤੋਂ ਅਣਅਧਿਕਾਰਕ ਤੌਰ 'ਤੇ ਪੀਆਰ-128 ਅਤੇ ਪੀਆਰ-129 ਬੀਜ ਕਿਸਮਾਂ ਖਰੀਦੀਆਂ ਸਨ, ਜਿਨ੍ਹਾਂ ਨੂੰ ਪੀਏਯੂ ਵੱਲੋਂ ਅਜਮਾਇਸ਼ ਦੇ ਆਧਾਰ 'ਤੇ ਬੀਜ ਦਿੱਤੇ ਗਏ ਸਨ। ਜਾਂਚ ਵਿਚ ਪਤਾ ਲੱਗਾ ਹੈ ਕਿ ਢਿੱਲੋਂ ਨੇ ਇਹ ਬੀਜ ਲੁਧਿਆਣਾ ਦੀ ਬਰਾੜ ਸੀਡਜ਼ ਕੰਪਨੀ ਨੂੰ ਸਪਲਾਈ ਕੀਤੇ ਸਨ, ਜਿਸਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਇਸ ਘੁਟਾਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਪਹਿਲਾ ਵਿਅਕਤੀ ਸੀ।

ਉਧਰ, ਡੀਜੀਪੀ ਨੇ ਕਿਹਾ ਕਿ ਕਾਕਾ ਬਰਾੜ ਅਤੇ ਬਲਜਿੰਦਰ ਸਿੰਘ ਉਰਫ ਬਾਲੀਆਂ, ਜਿਸ ਨੂੰ ਬੀਤੇ ਕੱਲ੍ਹ ਗਿ੍ਫ਼ਤਾਰ ਕੀਤਾ ਗਿਆ ਸੀ, ਨੂੰ ਐੱਸਆਈਟੀ ਨੇ ਅਦਾਲਤ 'ਚ ਪੇਸ਼ ਕੀਤਾ ਤੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ, ਤਾਂ ਜੋ ਇਸ ਕੇਸ ਦੀ ਹੋਰ ਜਾਂਚ ਕੀਤੀ ਜਾ ਸਕੇ ਅਤੇ ਘੁਟਾਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਪੀਏਯੂ ਵੱਲੋਂ ਬਣਾਈ ਗਈ ਫਾਰਮਰਜ਼ ਐਸੋਸੀਏਸ਼ਨ ਦਾ ਮੈਂਬਰ ਵੀ ਹੈ, ਜੋ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਪੀਏਯੂ ਨੇ ਉਸਨੂੰ ਅਜਮਾਇਸ਼ ਦੇ ਆਧਾਰ 'ਤੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਪਿਛਲੇ ਸਾਲ ਝੋਨੇ ਦੇ ਬੀਜ ਦਾ ਨਵਾਂ ਵਿਕਸਿਤ ਪੀਆਰ-128 ਅਤੇ ਪੀਆਰ-129 ਬਿਜਾਈ ਲਈ ਦਿੱਤਾ ਸੀ ਪਰ ਉਸ ਨੇ ਬੀਜੀਆਂ ਫਸਲਾਂ ਦਾ ਵਾਧੂ ਉਤਪਾਦਨ ਬੀਜ ਤਿਆਰ ਕਰਨ ਲਈ ਇਸਤੇਮਾਲ ਕੀਤਾ ਅਤੇ ਉਸ ਬੀਜ ਨੂੰ ਬਿਨਾ ਕਿਸੇ ਅਧਿਕਾਰ ਤੋਂ ਅੱਗੇ ਵੇਚ ਦਿੱਤਾ।

ਝੋਨੇ ਦਾ ਇਹ ਪਰਖ ਅਧੀਨ ਬੀਜ ਪੀਏਯੂ ਵੱਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਸੀਮਤ ਮਾਤਰਾ ਵਿਚ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਵੇਚਿਆ ਗਿਆ ਸੀ ਪਰ ਅਜੇ ਤਕ ਕਿਸੇ ਵੀ ਡੀਲਰ ਨੂੰ ਪੀਏਯੂ ਦੇ ਸਪੱਸ਼ਟ ਅਧਿਕਾਰ ਤੋਂ ਬਿਨਾ ਵਪਾਰਕ ਪੱਧਰ 'ਤੇ ਇਨ੍ਹਾਂ ਬੀਜਾਂ ਨੂੰ ਵੇਚਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ।