ਚੰਡੀਗੜ੍ਹ (ਏਐੱਨਆਈ) : ਹਾਲ ਹੀ 'ਚ ਵੱਡੇ ਘੁਟਾਲੇ ਦਾ ਸ਼ਿਕਾਰ ਹੋਏ ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ-PMC Bank) ਬੈਂਕ 'ਚ ਚੰਡੀਗੜ੍ਹ ਦੇ ਕਈ ਗੁਰਦੁਆਰਿਆਂ ਦਾ ਪੈਸਾ ਵੀ ਫਸ ਗਿਆ ਹੈ। ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਭਾਰਤੀ ਰਿਜ਼ਰਵ ਬੈਂਕ (RBI) ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬੈਂਕ 'ਚ ਜਮ੍ਹਾਂ ਗੁਰਦੁਆਰਿਆਂ ਦਾ ਘੱਟੋ-ਘੱਟ 50 ਫ਼ੀਸਦੀ ਪੈਸਾ ਵਿਸ਼ੇਸ਼ ਕੇਸ ਦੇ ਰੂਪ 'ਚ ਤੁਰੰਤ ਰਿਲੀਜ਼ ਕਰਵਾਏ।

ਮੰਗਲਵਾਰ ਨੂੰ ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ, ਸੈਕਟਰ 8 ਦੇ ਪ੍ਰਧਾਨ ਐੱਸਐੱਸ ਕੋਹਲੀ ਨੇ ਕਿਹਾ ਕਿ ਬੈਂਕ 'ਚ ਘੁਟਾਲਾ ਹੋਣ ਦਾ ਗੁਰਪੁਰਬ ਤੋਂ ਪਹਿਲਾਂ ਇੱਥੋਂ ਦੇ ਗੁਰਦੁਆਰਿਆਂ 'ਤੇ ਵੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਗ਼ਲਤ ਨਹੀਂ ਹਨ ਤਾਂ ਇੱਥੋਂ ਦੇ ਕਈ ਗੁਰਦੁਆਰਿਆਂ ਦਾ ਕਾਫ਼ੀ ਸਾਰਾ ਪੈਸਾ ਇਸ ਬੈਂਕ 'ਚ ਜਮ੍ਹਾਂ ਸੀ। ਇਸੇ ਕਾਰਨ ਉਨ੍ਹਾਂ ਆਰਬੀਆਈ ਤੋਂ ਅੱਧਾ ਪੈਸਾ ਰਿਲੀਜ਼ ਕਰਨ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਆਗਾਮੀ ਗੁਰਪੁਰਬ ਸਮਾਗਮਾਂ 'ਤੇ ਬੁਰਾ ਅਸਰ ਪੈ ਸਕਦਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੰਗ ਰਹੀ ਆਪਣੇ ਪੈਸੇ

ਸਟੇਟ ਬਿਊਰੋ, ਨਵੀਂ ਦਿੱਲੀ : ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ) ਬੈਂਕ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐੱਸਜੀਐੱਮਸੀ) ਸਮੇਤ ਕਈ ਗੁਰਦੁਆਰਿਆਂ ਦੇ ਵੀ ਪੈਸੇ ਫਸ ਗਏ ਹਨ। ਸੋਮਵਾਰ ਨੂੰ ਡੀਐੱਸਜੀਪੀਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਰਬੀਆਈ ਨੂੰ ਪੀਐੱਮਸੀ ਬੈਂਕ ਨੂੰ ਕਬਜ਼ੇ 'ਚ ਲੈ ਕੇ ਖਾਤਾਧਾਰਕਾਂ ਨੂੰ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਸੀ।

Posted By: Seema Anand