ਸੁਰਜੀਤ ਸਿੰਘ ਕੋਹਾੜ, ਲਾਲੜੂ

ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੇ ਕਾਲੀ ਸੁਆਹ ਨੂੰ ਲੈ ਕੇ ਨਾਹਰ ਕੰਪਨੀ ਦੇ ਮੁਹਰੇ ਨਾਅਰੇਬਾਜ਼ੀ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਡੀਸੀ ਮੋਹਾਲੀ, ਐੱਸਡੀਐੱਮ ਡੇਰਾਬੱਸੀ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਉਕਤ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਮਹਿੰਦਰ ਸਿੰਘ ਜਲਾਲਪੁਰ, ਬਲਕਾਰ ਸਿੰਘ, ਜਸਵੀਰ ਸਿੰਘ ਲੈਹਲੀ, ਜਨਕ ਰਾਜ ਮਗਰਾ, ਰਾਮ ਸਿੰਘ ਨੰਬਰਦਾਰ ਜਲਾਲਪੁਰ, ਬਲਜਿੰਦਰ ਸਿੰਘ ਲੈਹਲੀ, ਸਾਦਾ ਸਿੰਘ ਹਸਨਪੁਰ ਅਤੇ ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਸਥਾਨਕ ਨਾਹਰ ਕੰਪਨੀ ਦੇ ਬੁਆਇਲਰਾਂ ਤੋਂ ਨਿਕਲਣ ਵਾਲੀ ਕਾਲੀ ਸੁਆਹ ਨੇ ਨੇੜਲੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ। ਹਵਾ ਵਿਚ ਉੱਡਦੀ ਰਹਿੰਦੀ ਇਸ ਕਾਲੀ ਸੁਆਹ ਕਾਰਨ ਉਨ੍ਹਾਂ ਨੂੰ ਜਿਥੇ ਭੋਜਨ ਕਰਨਾ, ਘਰਾਂ ਵਿੱਚ ਕੱਪੜੇ ਸੁਕਾਉਣਾ ਬਹੁਤ ਹੀ ਅੌਖਾ ਹੋ ਗਿਆ ਹੈ, ਉਥੇ ਹੀ ਸਾਫ਼-ਸਫ਼ਾਈ ਦਾ ਬੁਰਾ ਹਾਲ ਹੈ. ਕਾਲੀ ਸੁਆਹ ਘਰ ਸਮੇਤ ਹਰ ਪਾਸੇ ਵਿਖਾਈ ਦਿੰਦੀ ਰਹਿੰਦੀ ਹੈ ਉਨ੍ਹਾਂ ਕਿਹਾ ਕਿ ਹਵਾ ਵਿੱਚ ਉੱਡਦੀ ਇਹ ਕਾਲੀ ਸੁਆਹ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਦੀਆਂ ਅੱਖਾਂ ਵਿਚ ਪੈ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਾ ਸਿਰਫ ਡਾਕਟਰਾਂ ਕੋਲ ਜਾਣਾ ਪੈਂਦਾ ਹੈ,ਸਗੋਂ ਉਹ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ ਇਸ ਮੌਕੇ ਪਿੰਡ ਵਾਸੀ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕਰਦਿਆਂ ਕੰਪਨੀ ਦੇ ਮੁੱਖ ਦਫਤਰ ਮੂਹਰੇ ਪੁੱਜ ਕੇ ਪ੍ਰਬੰਧਕਾਂ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਜੇਕਰ ਉੱਕਤ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਅੌਰਤਾਂ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਕਿਸਾਨ ਅੰਦੋਲਨ ਵਰਗੇ ਕਦਮ ਉੱਠਾਉਣ ਲਈ ਮਜਬੂਰ ਹੋ ਜਾਣਗੇ, ਜਿਸ ਦੀ ਜ਼ਿੰਮੇਵਾਰੀ ਕੰਪਨੀ ਅਧਿਕਾਰੀਆਂ ਦੀ ਹੋਵੇਗੀ ਇਸ ਮੌਕੇ ਹਾਜ਼ਰ ਨਾਹਰ ਕੰਪਨੀ ਦੇ ਉੱਚ ਅਧਿਕਾਰੀ ਧਰਮੇਸ਼ ਗੇਹਰਾ ਨੇ ਦੱਸਿਆ ਕਿ ਬਿਜਲੀ ਪਾਵਰ ਪਲਾਂਟ ਦੇ ਈਐੱਸਪੀ 'ਚ ਅਚਾਨਕ ਅੱਗ ਲੱਗਣ ਕਾਰਨ ਸਿਸਟਮ ਖਰਾਬ ਹੋ ਗਿਆ ਸੀ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ, ਜਿਸ ਨੂੰ ਜਲਦ ਠੀਕ ਕਰ ਲਿਆ ਜਾਵੇਗਾ।

ਕਾਲੀ ਸੁਆਹ ਭਿਆਨਕ ਬਿਮਾਰੀਆਂ ਨੂੰ ਦਿੰਦੀ ਹੈ ਸੱਦਾ : ਡਾ. ਮੁਲਤਾਨੀ

ਸੇਵਾ ਮੁਕਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਪਹਿਲਾਂ ਹੀ ਕੋਰੋਨਾ ਮਹਾਮਾਰੀ ਆਪਣੇ ਪੈਰ ਪਸਾਰੇ ਹੋਏ ਹਨ, ਜਿਸ ਦੇ ਚਲਦਿਆਂ ਹਵਾ 'ਚ ਉੱਡਦੀ ਇਹ ਕਾਲੀ ਸੁਆਹ ਹੋਰ ਵੀ ਖਤਰਨਾਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਥੇ ਇਹ ਸੁਆਹ ਫੇਫੜਿਆਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ, ਜੋ ਦਮੇ ਦੇ ਮਰੀਜ਼ਾਂ ਲਈ ਬਹੁਤ ਹੀ ਖਤਰਨਾਕ ਹੈ, ਉਥੇ ਹੀ ਅੱਖਾਂ ਦੀ ਰੋਸ਼ਨੀ, ਚਮੜੀ ਦੇ ਰੋਗ ਅਤੇ ਦਿਲ ਦੇ ਰੋਗ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸੇਵਾ ਮੁਕਤ ਹੋ ਗਏ ਹਨ ਅਤੇ ਇਲਾਕੇ 'ਚ ਫੈਲ ਰਹੇ ਪ੍ਰਦੂਸ਼ਨ ਦੀ ਰੋਕਥਾਮ ਵਾਲੀ ਮੁਹਿੰਮ ਨਾਲ ਜੁੜੇ ਹਨ ਅਤੇ ਜਲਦ ਹੀ ਇਲਾਕੇ 'ਚ ਮੁਹਿੰਮ ਨੂੰ ਤੇਜ਼ ਕਰ ਕੇ ਲੋਕਾਂ ਨੂੰ ਪ੍ਰਦੂਸ਼ਨ ਤੋਂ ਨਿਜਾਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ 'ਚ ਫੈਲਾਇਆ ਜਾ ਰਿਹਾ ਪ੍ਰਦੂਸ਼ਨ ਤੰਦਰੁਸਤ ਪੰਜਾਬ ਮੁਹਿੰਮ ਲਈ ਲਈ ਵੱਡਾ ਧੱਕਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।