ਸਤਵਿੰਦਰ ਸਿੰਘ ਧੜਾਕ, ਮੋਹਾਲੀ

ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਸੋਮਵਾਰ ਨੂੰ ਵੱਧ ਕੇ 10 ਹਜ਼ਾਰ ਤੋਂ ਪਾਰ ਹੋ ਗਿਆ ਹੈ। ਵੱਖ-ਵੱਖ ਜਾਂਚ ਲੈਬਾਰਟਰੀਆਂ ਤੋਂ ਜਾਰੀ ਹੋਈਆਂ ਰਿਪੋਰਟਾਂ ਵਿਚ ਸੋਮਵਾਰ ਨੂੰ ਕੁੱਲ 129 ਮਰੀਜ਼ਾਂ ਵਿਚ ਵਾਇਰਸ ਦਾ ਲਾਗ ਪਾਇਆ ਗਿਆ, ਜਿਸ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 10 ਹਜ਼ਾਰ 124 ਹੋ ਗਈ ਹੈ ਜਦੋਂਕਿ 3 ਹੋਰ ਮੌਤਾਂ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਮਰਨ ਵਾਲੇ ਹੁਣ ਤਕ ਮਰੀਜ਼ਾਂ ਦੀ ਗਿਣਤੀ ਵੱਧ ਕੇ 186 ਤਕ ਪੁੱਜ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਕਹਿਣਾਂ ਹੈ ਕਿ ਲਾਗ ਪ੍ਰਭਾਵਿਤ ਹੋਰਨਾ ਖੇਤਰਾਂ ਵਿਚ ਪਹਿਲਾਂ ਨਾਲੋਂ ਵਾਇਰਸ ਦਾ ਮਾਮਲੇ ਅੱਧੇ ਰਹਿ ਗਏ ਹਨ, ਜਦੋਂਕਿ ਇਕੱਲਾ ਮੋਹਾਲੀ ਸ਼ਹਿਰੀ ਖੇਤਰ ਤੋਂ ਅੱਜ ਪਾਜ਼ੇਟਿਵ ਆਏ ਮਰੀਜ਼ਾਂ ਦੇ 70 ਫ਼ੀਸਦੀ ਤੋਂ ਜ਼ਿਆਦਾ ਮਰੀਜ਼ ਹਨ, ਜਦੋਂਕਿ ਬਾਕੀ ਸਾਰੇ ਖੇਤਰਾਂ ਲਾਲੜੂ, ਕੁਰਾਲੀ, ਜ਼ੀਰਕਪੁਰ, ਖਰੜ ਖੇਤਰਾਂ ਵਿਚੋਂ 30 ਫ਼ੀਸਦੀ ਦੇ ਆਸ-ਪਾਸ ਮਰੀਜ਼ ਦੇਖਣ ਨੂੰ ਮਿਲੇ ਹਨ। ਪਿਛਲੇ ਇਕ ਹਫ਼ਤੇ ਤੋਂ ਮੋਹਾਲੀ ਦਾ ਸ਼ਹਿਰੀ ਖੇਤਰ ਕੋਰੋਨਾ ਲਾਗ ਦਾ ਵੱਡਾ ਕੇਂਦਰ ਬਣ ਕੇ ਉਭਰਿਆ ਹੈ ਇਸ ਤੋਂ ਪਹਿਲਾਂ ਖਰੜ ਤੇ ਜ਼ੀਰਕਪੁਰ ਖੇਤਰਾਂ ਵਿਚ ਕੋਰੋਨਾ ਮਹਾਮਾਰੀ ਦੇ ਜ਼ਿਆਦਾ ਕੇਸ ਦੇਖਣ ਨੂੰ ਮਿਲ ਰਹੇ ਸਨ। ਵੇਰਵੇ ਹਨ ਕਿ 129 ਪਾਜ਼ੇਟਿਵ ਮਰੀਜ਼ਾਂ ਵਿਚ ਅੱਜ 80 ਮਰੀਜ਼ ਮੋਹਾਲੀ ਸ਼ਹਿਰੀ ਖੇਤਰ ਤੋਂ ਹਨ ਜਦੋਂਕਿ ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2 ਮਰੀਜ਼, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 6, ਖਰੜ ਤੋਂ 15 ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬਾਕੀ ਖੇਤਰਾਂ ਵਿਚੋਂ ਕੁਰਾਲੀ ਕੁਰਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 8 ਕੇਸ, ਲਾਲੜੂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2 ਕੇਸ, ਢਕੌਲੀ ਦੇ ਆਸ ਪਾਸ ਤੋਂ 8 ਮਰੀਜ਼ ਵਾਇਰਸ ਗ੍ਸਤ ਪਾਏ ਗਏ ਹਨ।

92 ਸਾਲਾ ਬਜ਼ੁਰਗ ਸਮੇਤ ਤਿੰਨ ਦੀ ਮੌਤ

ਸਿਹਤ ਵਿਭਾਗ ਤੋਂ ਜਾਰੀ ਹੋਏ ਵੇਰਵਿਆਂ 'ਚੋਂ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਤਿੰਨ ਮਰੀਜ਼ਾਂ 'ਚੋਂ 2 ਅੌਰਤਾਂ ਹਨ। ਇਨ੍ਹਾਂ ਵਿਚੋਂ 92 ਸਾਲਾ ਬਜ਼ੁਰਗ ਨੇ ਏਸ ਹਸਪਤਾਲ ਮੋਹਾਲੀ ਵਿਖੇ ਇਲਾਜ ਅਧੀਨ ਦਮ ਤੋੜ ਦਿੱਤਾ ਹੈ। ਵਿਭਾਗ ਨੇ ਦਾਅਵਾ ਕੀਤਾ ਹੈ ਕਿ ਬਜ਼ੁਰਗ ਪਹਿਲਾਂ ਤੋਂ ਦਮੇ ਦੀ ਬਿਮਾਰੀ ਨਾਲ ਪੀੜਤ ਸੀ। ਇਸ ਤੋਂ ਇਲਾਵਾ ਬਾਕੀ ਮਰੀਜ਼ਾਂ 'ਚੋਂ ਜੁਝਾਰ ਨਗਰ ਤੋਂ 50 ਸਾਲਾ ਇਸਤਰੀ ਨੇ (ਸ਼ੂਗਰ ਤੋਂ ਪੀੜਤ) ਗਿਆਨ ਸਾਗਰ ਬਨੂੜ ਵਿਖੇ ਆਖਰੀ ਸਾਹ ਲਏ ਜਦੋਂਕਿ ਮੋਹਾਲੀ ਤੋਂ 32 ਸਾਲਾ ਪੁਰਸ਼ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ। ਕੋਰੋਨਾ ਮਹਾਮਾਰੀ ਨਾਲ ਮਰਨ ਵਾਲੇ ਮਰੀਜ਼ਾਂ ਦਾ ਅੰਕੜਾ ਅੱਜ ਤਕ 186 ਹੋ ਗਿਆ ਹੈ।

ਬਾਕਸ

ਦੱਸਣਾ ਬਣਦਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਨਾਲ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 7896 ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸੋਮਵਾਰ ਨੂੰ 237 ਹੋਰ ਮਰੀਜ਼ਾਂ ਨੇ ਕੋਰੋਨਾ ਮਹਾਮਾਰੀ ਤੋਂ ਜੰਗ ਜਿੱਤ ਕੇ ਸਿਹਤਯਾਬੀ ਹਾਸਲ ਕਰ ਲਈ ਜਦੋਕਿ ਹਾਲੇ ਵੀ 2042 ਮਰੀਜ਼ ਇਲਾਜ ਅਧੀਨ ਹਨ।