ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਨਜ਼ਦੀਕੀ ਪਿੰਡ ਬੇਹੜਾ ਵਿਖੇ ਇੱਕ ਮੋਟਰਸਾਈਕਾਲ ਸਵਾਰ ਦੀ ਟਰੈਕਟਰ ਟਰਾਲੀ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ। ਮਿ੍ਤਕ ਦੀ ਪਹਿਚਾਣ ਦਿਨੇਸ਼ ਕੁਮਾਰ (45) ਪੁੱਤਰ ਕੰਵਰ ਸਿੰਘ ਵਾਸੀ ਪਿੰਡ ਸਮਗੌਲੀ ਦੇ ਤੌਰ 'ਤੇ ਹੋਈ ਹੈ। ਉਹ ਬਰਵਾਲਾ ਰੋਡ 'ਤੇ ਇੱਕ ਫਾਰਮਾਸਿਉਟੀਕਲ ਸਨਅਤ ਵਿਚ ਬਤੌਰ ਪ੍ਰਰੋਡੰਕਸ਼ਨ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਫਾਰੁਕ ਸ਼ਾਹ ਪੁੱਤਰ ਸਾਕਿਰ ਸ਼ਾਹ ਵਾਸੀ ਹਾਲ ਝੁੱਗੀਆ ਪੰਚਕੂਲਾ ਖ਼ਿਲਾਫ਼ ਤੇਜ਼ ਰਫ਼ਤਾਰ, ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ ਨੁਕਸਾਨ ਪਹੁੰਚਾਉਣ ਤਹਿਤ ਆਈਪੀਸੀ ਦੀ ਧਾਰਾ 279, 304ਏ ਅਤੇ 427 ਤਹਿਤ ਮਾਮਲਾ ਦਰਜ ਕੀਤਾ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆ ਤਫ਼ਤੀਸ਼ੀ ਅਫ਼ਸਰ ਸਬ ਇੰਸਪੈਕਟਰ ਦਾਨਿਸ਼ਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 8.30 ਵਜੇ ਦਿਨੇਸ਼ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਬੇਹੜਾ ਪਿੰਡ ਨੇੜੇ ਪਹੁੰਚਿਆ ਤਾਂ ਸਮਗੌਲੀ ਵੱਲ ਤੋਂ ਇੱਟਾਂ ਨਾਲ ਪਰੀ ਇੱਕ ਟਰੈਕਟਰ ਟਰਾਲੀ ਭਰੀ ਹੋਈ ਆ ਰਹੀ ਸੀ। ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦਿਨੇਸ਼ ਸੜਕ 'ਤੇ ਡਿੱਗ ਗਿਆ ਜਿਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮਿ੍ਤਕ ਦੇ ਚਚੇਰੇ ਭਰਾ ਅਨਿਲ ਕੁਮਾਰ ਦੇ ਬਿਆਨਾਂ ਦੇ ਅਧਾਰ 'ਤੇ ਉਕਤ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਿਸਾਂ ਦੇ ਹਵਾਲੇ ਕਰ ਦਿੱਤਾ।