ਗੁਰਮੁਖ ਵਾਲੀਆ, ਐੱਸਏਐੱਸ ਨਗਰ

ਬੀਤੀ 22 ਮਈ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿਚ ਹੋਏ ਝਗੜੇ ਦੇ 3 ਮਾਮਲੇ ਵਿਚ ਥਾਣਾ ਫੇਜ਼ 1 ਦੀ ਪੁਲਿਸ ਵਲੋਂ ਫੇਜ਼ 2 ਦੇ ਵਸਨੀਕ ਕਾਂਗਰਸੀ ਆਗੂ ਜਸਪਾਲ ਸਿੰਘ ਦੀ ਸ਼ਿਕਾਇਤ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ, ਅਮਰਜੀਤ ਸਿੰਘ ਅਤੇ 5 ਹੋਰ ਅਣਪਛਾਤੇ ਬੰਦਿਆਂ ਖ਼ਿਲਾਫ਼ ਧਾਰਾ 323, 341,506, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਸਿਆਸੀ ਦਬਾਉ ਹੇਠ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 22 ਮਈ ਵਾਲੇ ਦਿਨ ਜਸਪਾਲ ਸਿੰਘ ਵਲੋਂ ਹੀ ਗੁਰਦੁਆਰਾ ਸਾਹਿਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ, ਜਿਸ 'ਤੇ ਮੌਕੇ 'ਤੇ ਆਈ ਪੁਲਿਸ ਪਾਰਟੀ ਉਸਨੂੰ ਫੜ ਕੇ ਲੈ ਗਈ ਸੀ ਅਤੇ ਬਾਹਰ ਜਾ ਕੇ ਉਹ ਪੁਲਿਸ ਵਲਿਆਂ ਦੀ ਗੱਡੀ ਵਿੱਚੋਂ ਉਤਰ ਕੇ ਫਰਾਰ ਹੋ ਗਿਆ ਸੀ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਦੀ ਪਕੜ ਤੋਂ ਫਰਾਰ ਹੋਣ ਵਾਲੇ ਵਿਅਕਤੀ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਉਲਟਾ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ 22 ਮਈ ਨੂੰ ਹੋਏ ਇਸੇ ਝਗੜੇ ਦੀ ਕਵਰੇਜ ਕਰਨ ਵਾਲੇ ਇੱਕ ਰੋਜ਼ਾਨਾ ਅਖ਼ਬਾਰ ਦੇ ਪੱਤਰਕਾਰ ਮੇਜਰ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਚ ਆਈ ਪੁਲਿਸ ਪਾਰਟੀ ਵਲੋਂ ਜਬਰੀ ਚੁੱਕ ਕੇ ਥਾਣੇ ਲਿਜਾਇਆ ਗਿਆ ਸੀ ਜਿੱਥੇ ਮੇਜਰ ਸਿੰਘ ਦੀ ਬੁਰੀ ਤਰ•੍ਹਾਂ ਕੁੱਟਮਾਰ ਕੀਤੀ ਗਈ ਸੀ।

ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਜਸਪਾਲ ਸਿੰਘ ਨੇ ਕਿਹਾ ਹੈ ਕਿ ਉਹ ਬੀਤੀ 22 ਮਈ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਵਿਖੇ ਮਿ੍ਤਕ ਦੇ ਭੋਗ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਗਏ ਸਨ ਅਤੇ ਸਵੇਰੇ ਲਗਭਗ 11:30 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਲੱਗੇ ਤਾਂ ਪ੍ਰਧਾਨ ਜਤਿੰਦਰਪਾਲ ਸਿੰਘ ਸਮੇਤ ਅਮਰਜੀਤ ਸਿੰਘ ਅਤੇ 5 ਅਣਪਛਾਤੇ ਬੰਦੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਭਾਈ ਤੇਜਿੰਦਰ ਸਿੰਘ ਦੇ ਜੱਥੇ ਨੂੰ ਕੀਰਤਨ ਕਰਨ ਤੋਂ ਰੋਕ ਰਹੇ ਸਨ ਅਤੇ ਉਹਨਾਂ ਦੀ ਖਿੱਚ ਧੂਹ ਕਰ ਰਹੇ ਸਨ।

ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਅਤੇ ਉੱਥੇ ਮੌਜੂਦ ਸੰਗਤ ਨੇ ਇਸਦਾ ਵਿਰੋਧ ਕੀਤਾ ਤਾਂ ਪ੍ਰਧਾਨ ਅਤੇ ਉਨ•ਾਂ ਦੇ ਬੰਦਿਆਂ ਨੇ ਹੱਥੋਪਾਈ ਕਰਕੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਰੌਲਾ ਪੈਣ ਕਾਰਨ ਉੱਥੇ ਪੁਲਿਸ ਆ ਗਈ ਅਤੇ ਪੁਲਿਸ ਸਾਰਿਆਂ ਨੂੰ ਦਫ਼ਤਰ ਲੈ ਗਈ, ਜਿੱਥੇ ਗੱਲਬਾਤ ਦੌਰਾਨ ਪ੍ਰਧਾਨ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਇਸਨੂੰ ਚੁੱਕ ਕੇ ਲੈ ਜਾਓ ਅਤੇ ਸਬਕ ਸਿਖਾਓ। ਇਸਤੇ ਉਹ ਉੱਥੋਂ ਉੱਠ ਕੇ ਜਾਣ ਲੱਗੇ ਤਾਂ ਜਤਿੰਦਰਪਾਲ ਸਿੰਘ, ਅਮਰਜੀਤ ਸਿੰਘ ਅਤੇ 4-5 ਅਣਪਛਾਤੇ ਬੰਦਿਆਂ ਨੇ ਉਨ•ਾਂ ਨੂੰ ਘੇਰ ਕੇ ਕੁੱਟਮਾਰ ਕੀਤੀ। ਉਹਨਾਂ ਨੂੰ ਥੱਪੜ ਅਤੇ ਮੁੱਕੇ ਵੀ ਮਾਰੇ ਅਤੇ ਖਿੱਚ ਧੂਹ ਕਰਕੇ ਉਨ•ਾਂ ਨੂੰ ਜਾਨ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਦੂਜੇ ਪਾਸੇ ਇਸ ਸੰਬਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦਾ ਕਹਿਣਾ ਹੈ ਕਿ ਇਹ ਸਭ ਕੁਝ ਝੂਠ ਹੈ ਅਤੇ ਪੁਲਿਸ ਵਲੋਂ ਸਿਆਸੀ ਦਬਾਓ ਅਤੇ ਸ਼ਾਜਿਸ਼ ਦੇ ਤਹਿਤ ਉਹਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਸਪਾਲ ਸਿੰਘ ਨਾਮ ਦਾ ਇਹ ਵਿਅਕਤੀ ਆਦਤਨ ਝਗੜਾਲੂ ਅਤੇ ਬੀਤੀ 1 ਮਈ ਨੂੰ ਵੀ ਇਸ ਵਿਅਕਤੀ ਵਲੋਂ ਗੁਰਦੁਆਰਾ ਸਾਹਿਬ ਵਿਚ ਆ ਕੇ ਉਹਨਾਂ ਨਾਲ ਗਾਲੀ ਗਲੌਚ ਕੀਤਾ ਗਿਆ ਸੀ ਜਿਸਦੀ ਉਹਨਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰੰਤੂ ਹੈਰਾਨੀ ਹੈ ਕਿ ਪੁਲਿਸ ਵਲੋਂ ਇਸ ਵਿਅਕਤੀ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨਾਲ ਜਾਹਿਰ ਹੁੰਦਾ ਹੈ ਕਿ ਇਸਦੇ ਪਿੱਛੇ ਕੋਈ ਵੱਡੀ ਸਾਜਿਸ਼ ਕੰਮ ਕਰ ਰਹੀ ਹੈ।

ਉਹਨਾਂ ਕਿਹਾ ਕਿ 22 ਮਈ ਨੂੰ ਜਸਪਾਲ ਸਿੰਘ ਵਲੋਂ ਉਸ ਨਾਲ ਹੋਈ ਕੁੱਟਮਾਰ ਦੇ ਜਿਹੜੇ ਇਲਜਾਮ ਲਗਾਏ ਗਏ ਹਨ ਉਹ ਪੂਰੀ ਤਰ•ਾਂ ਝੂਠ ਹਨ ਅਤੇ ਉਹ ਖੁਦ ਕਹਿ ਰਿਹਾ ਹੈ ਕਿ ਪੁਲਿਸ ਸਾਰਿਆਂ ਨੂੰ ਪ੍ਰਧਾਨ ਦੇ ਦਫ਼ਤਰ ਲੈ ਕੇ ਆਈ ਸੀ ਅਤੇ ਬਾਅਦ ਵਿੱਚ ਜਦੋਂ ਉਹ ਦਫਤਰ ਤੋਂ ਬਾਹਰ ਨਿਕਲਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ਜਦੋਂਕਿ ਉਸ ਦਿਨ ਜਸਪਾਲ ਸਿੰਘ ਵਲੋਂ ਕੀਤੇ ਜਾ ਰਹੇ ਝਗੜੇ ਕਾਰਨ ਪੁਲਿਸ ਵਲੋਂ ਉਸਨੂੰ ਕਾਬੂ ਕੀਤਾ ਗਿਆ ਸੀ। ਪੁਲਿਸ ਹੀ ਉਸਨੂੰ ਗੁਰਦੁਆਰਾ ਸਾਹਿਬ ਦੇ ਦਫ਼ਤਰ 'ਚ ਲਿਆਈ ਸੀ ਅਤੇ ਪੁਲਿਸ ਹੀ ਉਸਨੂੰ ਨਾਲ ਲੈ ਕੇ ਗਈ ਸੀ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਵਾਇਰਲ ਹੋ ਚੁੱਕੀ ਹੈ।

ਉਹਨਾਂ ਕਿਹਾ ਕਿ ਜਸਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਨਾਲ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਚ ਹੁੜਦੰਗ ਕੀਤਾ ਜਾਂਦਾ ਹੈ ਜਿਸਦੀਆਂ ਵੀਡੀਓ ਕਲਿਪਿੰਗ ਉਹਨਾਂ ਦੇ ਕੋਲ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਵਾਰ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ ਪਰੰਤੂ ਪੁਲਿਸ ਨੇ ਉਲਟਾ ਉਹਨਾਂ ਤੇ ਹੀ ਮਾਮਲਾ ਦਰਜ ਕੀਤਾ ਹੈ ਜਿਸਦੇ ਖ਼ਿਲਾਫ਼ ਉਹ ਅਦਾਲਤ ਵਿਚ ਜਾਣਗੇ।