ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਰਾਹੀਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ 'ਲਾਇਬੇ੍ਰਰੀ ਲੰਗਰ' ਮੁਹਿੰਮ ਨੂੰ ਸੋਮਵਾਰ ਨੂੰ ਜ਼ਿਲ੍ਹਾ ਐੱਸਏਐੱਸ ਨਗਰ 'ਚ ਭਾਰੀ ਹੁੰਗਾਰਾ ਮਿਲਿਆ। ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵੱਲੋਂ ਸਕੂਲਾਂ ਤੋਂ ਇਲਾਵਾ ਜਨਤਕ ਥਾਵਾਂ 'ਤੇ ਲਾਇਬੇ੍ਰਰੀ ਲੰਗਰ ਲਗਾ ਕੇ ਲੋਕਾਂ ਨੂੰ ਪੜ੍ਹਨ ਲਈ ਪੁਸਤਕਾਂ ਜਾਰੀ ਕੀਤੀਆਂ ਗਈਆਂ।

ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿੱ) ਡਾ: ਜਰਨੈਲ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਡਾ: ਬਲਜਿੰਦਰ ਸਿੰਘ ਦੀ ਅਗਵਾਈ 'ਚ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਰਾਇਮਰੀ, ਮਿਲਡ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਲੋਂ ਸਕੂਲ ਮੁਖੀਆਂ ਦੀ ਦੇਖਰੇਖ ਹੇਠ ਲਾਇਬੇ੍ਰਰੀ ਲੰਗਰ ਲਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਜਿੱਥੇ ਅਧਿਆਪਕਾਂ ਵਲੋਂ ਸਕੂਲਾਂ 'ਚ ਪੜ੍ਹਨ ਲਈ ਮਿਆਰੀ ਸਾਹਿਤਕ ਪੁਤਸਕਾਂ ਮੁਹੱਈਆ ਕਰਵਾਈਆਂ ਗਈਆਂ ਉੱਥੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ, ਸੱਥਾਂ ਅਤੇ ਜਨਤਕ ਥਾਵਾਂ 'ਤੇ ਸਟਾਲਾਂ ਲਗਾ ਕੇ ਪੁਸਤਕਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਪੁਸਤਕਾਂ 'ਚ ਕਾਫ਼ੀ ਦਿਲਚਸਪੀ ਦਿਖਾਈ ਅਤੇ ਪੜ੍ਹਨ ਲਈ ਕਿਤਾਬਾਂ ਹਾਸਲ ਕੀਤੀਆਂ। ਹਰ ਵਰਗ ਦੇ ਲੋਕਾਂ ਨੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦਾ ਲਾਹਾ ਲੈਂਦਿਆਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।

ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਡਾ: ਬਲਜਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ.ਸਿੱ) ਸ੍ਰੀਮਤੀ ਰਵਿੰਦਰ ਕੌਰ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਦਿਆਂ ਪਿੰਡਾਂ 'ਚ ਲਗਾਏ ਲਾਇਬੇ੍ਰਰੀ ਲੰਗਰ ਦਾ ਜਾਇਜ਼ਾ ਲਿਆ। ਉਨਾਂ੍ਹ ਇਸ ਮੌਕੇ ਜਿੱਥੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਉੱਥੇ ਵਿਦਿਆਰਥੀਆਂ, ਮਾਪਿਆਂ ਅਤੇ ਸਮਾਜ ਦੇ ਹੋਰਨਾਂ ਵਰਗਾਂ ਨੂੰ ਵੀ ਪੁਸਤਕਾਂ ਨਾਲ ਜੁੜਨ ਦਾ ਸੱਦਾ ਦਿੱਤਾ। ਡਾ: ਬਲਜਿੰਦਰ ਸਿੰਘ ਅਤੇ ਰਵਿੰਦਰ ਕੌਰ ਨੇ ਕਿਹਾ ਕਿ ਲਾਇਬੇ੍ਰਰੀ ਲੰਗਰ ਦੀ ਇਸ ਮੁਹਿੰਮ ਨੂੰ ਲੈ ਕੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨਾਂ੍ਹ ਕਿਹਾ ਕਿ ਵਿਭਾਗ ਅਤੇ ਅਧਿਆਪਕ ਵਰਗ ਇਸ ਮੁਹਿੰਮ ਰਾਹੀਂ ਵਿਦਿਆਰਥੀਆਂ ਨੂੰ ਕਿਤਾਬ ਸੱਭਿਆਚਾਰ ਵੱਲ ਲੈ ਕੇ ਜਾਣ ਲਈ ਤਤਪਰ ਹੈ। ਉਨਾਂ੍ਹ ਦੱਸਿਆ ਕਿ ਇਸ ਤਰਾਂ੍ਹ ਦੇ ਉਪਰਾਲਿਆਂ ਦੇ ਭਵਿੱਖ 'ਚ ਸ਼ਾਨਦਾਰ ਸਿੱਟੇ ਨਿਕਲਣਗੇ। ਉਨਾਂ੍ਹ ਕਿਹਾ ਕਿ ਵਿਭਾਗ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪੁਤਸਕਾਂ ਨਾਲ ਨਿਰੰਤਰ ਜੋੜੀ ਰੱਖਣ ਲਈ ਯਤਨਸ਼ੀਲ ਰਹੇਗਾ।

ਪੁਸਤਕਾਂ ਦੇ ਨਾਲ ਲਾਇਆ ਮਿੱਠੇ ਚੌਲਾਂ ਦਾ ਲੰਗਰ

ਵਿਭਾਗ ਵੱਲੋਂ ਲਗਾਏ ਲਾਇਬੇ੍ਰਰੀ ਲੰਗਰ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਧੋਂ ਸੰਗਤੀਆਂ ਵਿਖੇ ਮਿੱਠੇ ਚੌਲਾਂ ਦਾ ਲੰਗਰ ਵੀ ਲਾਇਆ ਗਿਆ। ਪਿੰ੍ਸੀਪਲ ਬੰਦਨਾ ਪੁਰੀ ਦੀ ਅਗਵਾਈ ਹੇਠ ਸਮੂਹ ਸਟਾਫ਼ ਵੱਲੋਂ ਕੀਤੇ ਇਸ ਉਪਰਾਲੇ ਦੌਰਾਨ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ਜਿੱਥੇ ਲਾਇਬੇ੍ਰਰੀ ਲੰਗਰ ਚੋਂ ਪੜ੍ਹਨ ਲਈ ਆਪਣੀਆਂ ਮਨਪਸੰਦ ਪੁਸਤਕਾਂ ਲਈਆਂ ਉੱਥੇ ਮਿੱਠੇ ਚੌਲਾਂ ਦਾ ਲੰਗਰ ਵੀ ਛਕਿਆ। ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।