ਸੁਰਜੀਤ ਸਿੰਘ ਕੋਹਾੜ, ਲਾਲੜੂ

ਆਪ ਆਗੂ ਕੁਲਜੀਤ ਰੰਧਾਵਾ ਨੇ ਅੱਜ ਲਾਲੜੂ ਵਿਖੇ ਟਰਾਂਸਪੋਰਟਾਂ ਨਾਲ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਟਰਾਂਸਪੋਰਟਰਾਂ ਦੀ ਸਮੱਸਿਆਵਾਂ ਸਬੰਧੀ ਪੱਤਰ ਲਿਖਿਆ, ਜਿਸ 'ਚ ਰੋਜ਼ਾਨਾ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾ ਸਮੇਤ ਟੈਕਸ, ਪਾਸਿੰਗ, ਡਰਾਈਵਰ ਤੇ ਕੰਡਕਟਰਾਂ ਲਈ ਲਾਇਸੈਂਸ ਬਣਾਉਣ ਦੀ ਸੁਵਿਧਾ, ਟਰਾਂਸਪੋਰਟ ਦੇ ਕਿਰਾਏ ਵਰਗੇ ਮੁੱਦਿਆਂ 'ਤੇ ਚਾਨਣ ਪਾਇਆ ਗਿਆ। ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬੇ ਹੋਣ ਦੇ ਨਾਲ ਇਥੇ ਇੰਡਸਟਰੀ ਵੀ ਵੱਧ ਹੈ, ਜਿਸ ਦੇ ਕਰਕੇ ਪੰਜਾਬ ਦੇ ਲੋਕ ਟਰਾਂਸਪੋਰਟ ਨਾਲ ਜੁੜੇ ਹੋਏ ਹਨ, ਪਰ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਪੰਜਾਬ ਦਾ ਟਰਾਂਸਪੋਰਟਰ ਘਾਟੇ 'ਚ ਚਲਿਆ ਗਿਆ ਹੈ। ਸ. ਰੰਧਾਵਾ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਪੰਜਾਬ 'ਚ 132 ਟਰੱਕ ਯੂਨੀਅਨਾਂ 'ਚ 95000 ਗੱਡੀਆਂ ਸਨ ਜਿਨ੍ਹਾਂ ਦੀ ਗਿਣਤੀ ਘੱਟ ਕੇ ਹੁਣ ਕੇਵਲ 40000 ਰਹਿ ਗਈ ਹੈ ਤੇ ਹਜ਼ਾਰਾਂ ਟਰਾਸਪੋਰਟਰ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਪਾਰਟੀ ਸੁਪਰੀਮੋ ਨੂੰ ਟਰਾਂਸਪੋਰਟ ਅਦਾਰੇ ਅਤੇ ਇੰਡਸਟਰੀਜ਼ ਵਾਲਿਆਂ ਦਾ ਆਪਸੀ ਤਾਲਮੇਲ ਬਣਾਉਣ ਬਾਰੇ ਵੀ ਲਿਖਿਆ ਤਾਂ ਜੋ ਢੋਆ-ਢੁਆਈ ਦਾ ਕੰਮ ਪਹਿਲ ਦੇ ਆਧਾਰ 'ਤੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਮਿਲ ਸਕੇ। ਇਸ ਮੌਕੇ ਟਰਾਂਸਪੋਰਟਰ ਰਾਜੀਵ ਸ਼ਰਮਾ, ਗੁਰਚਰਨ ਸਿੰਘ, ਰਣਜੀਤ ਸਿੰਘ, ਮੁਕੇਸ਼ ਰਾਣਾ, ਬਲਜੀਤ ਸਿੰਘ, ਰਵਿੰਦਰ ਸਿੰਘ, ਦੇਵ ਸਿੰਘ, ਅਵਤਾਰ ਸਿੰਘ, ਧਰਮਪਾਲ ਸਿੰਘ, ਪ੍ਰਮੋਦ ਰਾਣਾ, ਗੁਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।