ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਗਿਆਨ ਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਸੂਬਾ ਪੱਧਰੀ ਸਾਇੰਸ, ਤਕਨਾਲੋਜੀ ਇਨੋਵੇਸ਼ਨ (ਐੱਸਟੀਆਈ) ਡਾਟਾ ਪੋਰਟਲ ਲਾਂਚ ਕਰਨ ਲਈ ਪੰਜਾਬ ਸਟੇਟ ਸਾਇੰਸ ਤੇ ਤਕਨਾਲੋਜੀ ਕੌਂਸਲ (ਪੀਐੱਸਸੀਐੱਸਟੀ) ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਡਾਟਾ ਪੋਰਟਲ ਪੀਐੱਸਸੀਐੱਸਟੀ ਵੱਲੋਂ ਕੇਂਦਰ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਪੋਰਟਲ ਇੱਕੋ ਪਲੇਟਫਾਰਮ ’ਤੇ ਸੂਬੇ ਦੇ ਐੱਸਟੀਆਈ ਈਕੋ ਸਿਸਟਮ ਸਬੰਧੀ ਸਮੁੱਚੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਪੋਰਟਲ ਕੇਂਦਰ ਸਰਕਾਰ ਵੱਲੋਂ ਕਰਵਾਏ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ’ਚ ਸਟੇਟ ਸਾਇੰਸ ਅਤੇ ਤਕਨਾਲੋਜੀ ਕੌਂਸਲਾਂ ਦੇ ਸੰਮੇਲਨ ਦੌਰਾਨ ਕੇਂਦਰ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਸਲਾਹਕਾਰ ਡਾ. ਦੇਬਾਪ੍ਰਿਆ ਦੱਤਾ ਵੱਲੋਂ ਲਾਂਚ ਕੀਤਾ ਗਿਆ, ਜਿਨ੍ਹਾਂ ਨੇ ਪੰਜਾਬ ਨੂੰ ਪੋਰਟਲ ਵਿਕਸਤ ਕਰਨ ਵਾਲਾ ਪਹਿਲਾ ਸੂਬਾ ਬਣਾਉਣ ਲਈ ਪੀਐੱਸਸੀਐੱਸਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਹੁਣ ਇਸ ਪੋਰਟਲ ਦੀ ਤਰਜ਼ ’ਤੇ ਦੇਸ਼ ਦੇ ਹੋਰਨਾਂ ਸੂਬਿਆਂ ਵੱਲੋਂ ਵੀ ਇਸ ਨੂੰ ਵਿਕਸਿਤ ਕੀਤਾ ਜਾਵੇਗਾ। ਡਾ. ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਡਾਇਰੈਕਟਰ, ਪੀਐੱਸਸੀਐੱਸਟੀ ਨੇ ਦੱਸਿਆ ਕਿ ਪੰਜਾਬ ਦਾ ਐੱਸਟੀਆਈ ਈਕੋ ਸਿਸਟਮ ਤਿਆਰ ਕਰਨ ਅਤੇ ਇਸ ਦੇ ਮਜ਼ਬੂਤੀਕਰਨ ਲਈ ਇਹ ਪਹਿਲਕਦਮੀ ਕੀਤੀ ਗਈ।

Posted By: Jagjit Singh