ਮਾਜਰੀ ਪੁਲਿਸ ਵੱਲੋਂ ਦੋ ਵਿਅਕਤੀਆਂ ਕੋਲੋਂ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲ਼ੀਆਂ ਬਰਾਮਦ, 16,800 ਗੋਲ਼ੀਆਂ ਜ਼ਬਤ
ਦੋ ਵਿਅਕਤੀਆਂ ਕੋਲੋਂ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲ਼ੀਆਂ ਬਰਾਮਦ, 16,800 ਗੋਲ਼ੀਆਂ ਜ਼ਬਤ
Publish Date: Wed, 12 Nov 2025 08:15 PM (IST)
Updated Date: Wed, 12 Nov 2025 08:16 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਥਾਣਾ ਮਾਜਰੀ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲ਼ੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇੰਸਪੈਕਟਰ ਯੋਗੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਮਾਜਰੀ, ਦੀ ਨਿਗਰਾਨੀ ਹੇਠ ਥਾਣਾ ਮਾਜਰੀ ਦੀ ਪੁਲਿਸ ਪਾਰਟੀ ਮੰਗਲਵਾਰ ਨੂੰ ਪਿੰਡ ਮਾਣਕਪੁਰ ਸ਼ਰੀਫ਼ ਅਤੇ ਸਿਆਲਬਾ-ਮਾਜਰੀ ਰੋਡ ਤੇ ਗਸ਼ਤ ਅਤੇ ਨਾਕਾਬੰਦੀ ਦੌਰਾਨ ਮੌਜੂਦ ਸੀ। ਗਸ਼ਤ ਦੌਰਾਨ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਪੈਦਲ ਮਾਜਰੀ ਵੱਲ ਜਾਂਦੇ ਦੇਖਿਆ। ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਦੋਵਾਂ ਨੇ ਆਪਣੇ ਹੱਥਾਂ ਵਿਚ ਫੜੇ ਲਿਫ਼ਾਫ਼ੇ ਸੜਕ ਦੇ ਕਿਨਾਰੇ ਸੁੱਟ ਦਿੱਤੇ ਅਤੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਤੁਰੰਤ ਦੋਵਾਂ ਨੂੰ ਰੋਕ ਕੇ ਨਾਮ-ਪਤਾ ਪੁੱਛਿਆ। ਜਿਨ੍ਹਾਂ ਦੀ ਪਛਾਣ ਸ਼ਫੀ ਮੁਹੰਮਦ ਪੁੱਤਰ ਰੂਲਦੂ ਖਾਨ, ਵਾਸੀ ਪਿੰਡ ਪੁਰਖਾਲੀ, ਜ਼ਿਲ੍ਹਾ ਰੋਪੜ ਅਤੇ ਦਰਸ਼ਨ ਸਿੰਘ ਪੁੱਤਰ ਪ੍ਰਕਾਸ਼ ਚੰਦ, ਵਾਸੀ ਪਿੰਡ ਸਿਆਲਬਾ, ਮੁਹਾਲੀ ਵਜੋਂ ਹੋਈ। ਮੁਲਜ਼ਮਾਂ ਵੱਲੋਂ ਸੁੱਟੇ ਲਿਫ਼ਾਫ਼ਿਆਂ ਦੀ ਜਾਂਚ ਕਰਨ ਤੇ ਉਨ੍ਹਾਂ ਵਿਚੋਂ ਨਸ਼ੀਲੀਆਂ ਲੋਮੇਟਿਲ ਮਾਰਕਾ ਗੋਲ਼ੀਆਂ ਦੇ ਪੱਤੇ ਬਰਾਮਦ ਹੋਏ। ਮੌਕੇ ਤੇ ਗਿਣਤੀ ਕਰਨ ਤੇ ਦੋਵਾਂ ਲਿਫ਼ਾਫ਼ਿਆਂ ਵਿਚੋਂ ਕੁੱਲ 280 ਪੱਤੇ ਮਿਲੇ। ਹਰ ਪੱਤੇ ਵਿਚ 60 ਗੋਲ਼ੀਆਂ ਸਨ, ਇਸ ਤਰ੍ਹਾਂ ਕੁੱਲ 16,800 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ। ਮੁਲਜ਼ਮ ਸ਼ਫੀ ਮੁਹੰਮਦ ਅਤੇ ਦਰਸ਼ਨ ਸਿੰਘ ਖ਼ਿਲਾਫ਼ 11 ਨਵੰਬਰ 2025 ਨੂੰ ਐੱਨਡੀਪੀਐੱਸ ਐਕਟ ਤਹਿਤ ਥਾਣਾ ਮਾਜਰੀ ਵਿਖੇ ਮੁਕੱਦਮਾ ਨੰਬਰ 113 ਦਰਜ ਕੀਤਾ ਗਿਆ। ਦੋਵਾਂ ਨੂੰ ਇਲਾਕਾ ਮੈਜਿਸਟਰੇਟ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।