ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਪੰਜਾਬ ਦੇ ਸਿੱਖਿਆ ਵਿਭਾਗ ਨੇ ਐੱਸਐੱਸਏ/ਰਮਸਾ 3382 ਕੈਟਾਗਿਰੀ ਨਾਲ ਸਬੰਧਤ ਅਧਿਆਪਕਾਂ ਨੂੰ ਪਾਤਰਤਾ ਲੈਣ ਲਈ ਇਕ ਹੋਰ ਮੌਕਾ ਦੇ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਨੂੰ ਪਹਿਲਾਂ ਵੀ ਵਿਭਾਗ ਨੇ ਕਈ ਵਾਰ ਨੋਟਿਸ ਜਾਰੀ ਕਰ ਕੇ ਨਿਯੁਕਤੀ ਪੱਤਰ ਲੈਣ ਲਈ ਬੁਲਾਇਆ ਪਰ ਮਾਮਲਾ ਹੱਲ ਨਹੀਂ ਹੋਇਆ। ਹੁਣ ਵਿਭਾਗ ਨੇ ਪਿਛਲੇ ਦਿਨੀਂ 313 ਅਧਿਆਪਕਾਂ ਦੀ ਪਾਤਰਤਾ ਰੱਦ ਕਰਨ ਤੋਂ ਬਾਅਦ ਇਨ੍ਹਾਂ ਨੂੰ ਚੌਥੀ ਵਾਰ ਨਿਯੁਕਤੀ ਪੱਤਰ ਹਾਸਲ ਕਰਨ ਦਾ ਮੌਕਾ ਦਿੱਤਾ ਹੈ।

ਭਰਤੀ ਡਾਇਰੈਕਟਰ ਵੱਲੋਂ ਜਾਰੀ ਪੱਤਰ ਤੋਂ ਬਾਅਦ ਸਿੱਖਿਆ ਵਿਭਾਗ ਦੀ ਮੈਨੇਜਮੈਂਟ ਵਿਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਦਾ ਅਹਿਸਾਸ ਹੁੰਦਾ ਹੈ। ਅਸਲ ਵਿਚ ਵਿਭਾਗ ਵਿਚ ਅਧਿਆਪਕਾਂ ਦੀ ਥੋੜ੍ਹ ਕਾਰਨ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਇਕਦਮ 313 ਟੀਚਰਾਂ ਦਾ ਘਾਟਾ ਦੂਜੇ ਪਾਸੇ ਸਤੰਬਰ ਟੈਸਟ ਤੋਂ ਬਾਅਦ ਸਾਲਾਨਾ ਪ੍ਰਰੀਖਿਆ ਦੀ ਤਿਆਰੀ ਨੇ ਉੱਚ ਅਧਿਕਾਰੀਆਂ ਲਈ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਦੂਜਾ ਪਹਿਲੂ ਇਹ ਹੈ ਕਿ ਨਵੀਆਂ ਭਰਤੀਆਂ ਕਰਨ ਦੇ ਡਰੋਂ ਹੀ ਵਿਭਾਗ ਨੇ ਐੱਸਐੱਸਏ/ਰਮਸਾ ਦੇ ਅਧਿਆਪਕਾਂ ਨੂੰ ਵਿਭਾਗ ਦੇ ਸਕੂਲਾਂ ਵਿਚ ਸ਼ਾਮਲ ਕੀਤਾ ਸੀ ਪਰ ਹੁਣ ਇਨ੍ਹਾਂ 'ਚੋਂ ਵੀ 313 ਅਧਿਆਪਕਾਂ ਨੇ ਜੁਆਇਨ ਨਹੀਂ ਕੀਤਾ। ਸਮੱਸਿਆ ਹੈ ਕਿ ਜੇ ਭਰਤੀ ਪ੍ਰਰੀਕਿਰਿਆ ਆਰੰਭੀ ਤਾਂ ਦੇਰੀ ਹੋ ਸਕਦੀ ਹੈ, ਇਸ ਲਈ ਇਨ੍ਹਾਂ ਅਧਿਆਪਕਾਂ ਨੂੰ ਜੁਆਇਨ ਕਰਵਾਉਣ ਲਈ ਵਿਭਾਗ ਨੇ ਪੱਤਾ ਖੇਡਿਆ ਹੈ।

ਸੂਤਰਾਂ ਅਨੁਸਾਰ ਸਰਹੱਦੀ ਖੇਤਰ ਵਿਚ ਅਧਿਆਪਕਾਂ ਦੀ ਘਾਟ ਨੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਬਦਲੀਆਂ 'ਤੇ ਸਵਾਲੀਆ ਨਿਸ਼ਾਨ ਲਗਾ ਦੇ ਦਿੱਤੇ ਹਨ। ਇਸ ਲਈ ਹੁਣ 313 ਅਧਿਆਪਕਾਂ ਦੇ ਮਨ ਵਿਚ ਦੂਰ- ਦੁਰਾਡੇ ਬਦਲੀਆਂ ਦਾ ਤੌਖ਼ਲਾ ਹੈ। ਉਧਰ ਅਧਿਆਪਕਾਂ ਦੀ ਅੌੜ ਤੋਂ ਬਾਅਦ ਵਿਭਾਗ ਨੇ ਇਕ ਵਾਰ ਫੇਰ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਪੇਸ਼ਕਸ਼ ਰੱਖ ਦਿੱਤੀ ਹੈ। ਅਧਿਆਪਕ ਨੂੰ ਮੋਹਾਲੀ ਸਥਿਤ ਦਫ਼ਤਰ ਵਿਖੇ 4 ਸਤੰਬਰ ਨੂੰ ਨਿਯੁਕਤੀ ਪੱਤਰ ਲੈਣ ਲਈ ਬੁਲਾਇਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤਾ ਚੌਥਾ ਮੌਕਾ ਕਿੰਨੇ ਕੁ ਅਧਿਆਪਕ ਹਾਸਲ ਕਰਨਗੇ?

ਦੱਸਣਾ ਬਣਦਾ ਹੈ ਕਿ ਸਿੱਖਿਆ ਵਿਭਾਗ ਨੇ 29 ਅਗਸਤ ਨੂੰ 313 ਅਧਿਆਪਕਾਂ ਦੀ ਪਾਤਰਤਾ ਰੱਦ ਕਰ ਦਿੱਤੀ ਸੀ। ਇਨ੍ਹਾਂ ਵਿਚ ਉਹ ਅਧਿਆਪਕ ਸ਼ਾਮਲ ਸਨ ਜਿਨ੍ਹਾਂ ਨੇ ਸਿੱਖਿਆ ਵਿਭਾਗ ਵੱਲੋਂ ਦਿੱਤੀ ਆਪਸ਼ਨ 'ਤੇ ਕਲਿਕ ਤਾਂ ਕਰ ਦਿੱਤਾ ਪਰ ਸੁਸਾਇਟੀਆਂ ਤੋਂ ਵਿਭਾਗ ਵਿਚ ਆਉਣ ਤੋਂ ਬਾਅਦ ਸਟੇਸ਼ਨਾਂ 'ਤੇ ਜੁਆਇਨ ਨਹੀਂ ਕੀਤਾ ਅਤੇ ਨਾ ਹੀ ਇਹ ਵਿਭਾਗ ਦੇ ਸੱਦੇ 'ਤੇ ਨਿਯੁਕਤੀ ਪੱਤਰ ਲੈਣ ਲਈ ਪੁੱਜੇ। ਇਸ ਮਾਮਲੇ ਬਾਰੇ ਜਾਣਕਾਰੀ ਲੈਣ ਲਈ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ।