ਵੀਨਾ ਤਿਵਾੜੀ, ਚੰਡੀਗੜ੍ਹ : ਚੰਡੀਗੜ੍ਹ ਵਿਚ ਐਂਟੀ ਰੈਬੀਜ਼ ਵੈਕਸੀਨ ਖ਼ਤਮ ਹੋ ਗਿਆ ਹੈ। ਸਥਿਤੀ ਇਹ ਹੈ ਕਿ ਐਂਟੀ ਰੈਬੀਜ਼ ਵੈਕਸੀਨ ਨਾ ਤਾਂ ਕਿਸੇ ਸਰਕਾਰੀ ਹਸਪਤਾਲ ਵਿਚ ਮੁਹੱਈਆ ਹੈ, ਨਾ ਹੀ ਮੈਡੀਕਲ ਸ਼ਾਪ 'ਤੇ। ਅਜਿਹੀ ਸਥਿਤੀ ਵਿਚ ਕੁੱਤੇ ਦੇ ਵੱਢਣ ਵਾਲੇ ਮਰੀਜ਼ ਵੈਕਸੀਨ ਲਗਵਾਉਣ ਲਈ ਇਧਰ ਉਧਰ ਚੱਕਰ ਕੱਟ ਰਹੇ ਹਨ। ਸਥਿਤੀ ਇਹ ਹੱਦ ਤਕ ਬਦਤਰ ਹੋ ਚੁੱਕੀ ਹੈ ਕਿ ਮਰੀਜ਼ਾਂ ਨੂੰ ਵੈਕਸੀਨ ਲਗਵਾਉਣ ਲਈ ਪੰਜਾਬ ਜਾਣਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਇਸ ਦਾ ਫਾਇਦਾ ਚੁੱਕਦੇ ਹੋਏ ਕੁਝ ਮੈਡੀਕਲ ਸ਼ਾਪ ਵਾਲਿਆਂ ਨੇ ਵੈਕਸੀਨ ਦੀ ਬਲੈਕ ਮਾਰਕੀਟਿੰਗ ਸ਼ੁਰੂ ਕਰ ਦਿੱਤੀ ਹੈ। 400 ਤੋਂ 500 ਰੁਪਏ ਵਿਚ ਵਿਕਣ ਵਾਲੇ ਵੈਕਸੀਨ ਲਈ ਮਜਬੂਰੀ ਵਿਚ ਪੰਜ ਤੋਂ ਅੱਠ ਹਜ਼ਾਰ ਰੁਪਏ ਦੀ ਕੀਮਤ ਵਿਚ ਵੇਚਿਆ ਜਾ ਰਿਹਾ ਹੈ।

ਸਥਿਤੀ ਇਕ ਮਹੀਨੇ ਤੋਂ ਖ਼ਰਾਬ

ਐਂਟੀ ਰੈਬੀਜ਼ ਵੈਕਸੀਨ ਦੀ ਕਮੀ ਪਿਛਲੇ ਇਕ ਮਹੀਨੇ ਤੋਂ ਹੈ। ਸੈਕਟਰ 19 ਅਤੇ 38 ਸਥਿਤ ਰੈਬੀਜ਼ ਕਲੀਨਿਕ ਵਿਚ ਇਕ ਮਹੀਨੇ ਤੋਂ ਇਸ ਦੀ ਸਪਲਾਈ ਠੱਪ ਹੈ। ਕਲੀਨਿਕ ਦੇ ਡਾਕਟਰਾਂ ਨੇ ਦੱਸਿਆ ਕਿ ਮੰਗਾਂ ਦੇ ਬਾਵਜੂਦ ਸਪਲਾਈ ਨਾ ਹੋਣ ਨਾਲ ਮਰੀਜ਼ਾਂ ਨੂੰ ਬਾਹਰ ਤੋਂ ਵੈਕਸੀਨ ਲਗਵਾਉਣ ਲਈ ਜਾਣਾ ਪੈ ਰਿਹਾ ਹੈ। ਜੋ ਮਰੀਜ਼ ਵੈਕਸੀਨ ਖ਼ਰੀਦ ਲਿਆਂਦੇ ਹਨ, ਉਨ੍ਹਾਂ ਨੂੰ ਲਗਾ ਦਿੱਤੇ ਜਾਂਦੇ ਹਨ। ਵੈਕਸੀਨ ਖ਼ਤਮ ਹੋਣ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਜਾ ਚੁੱਕੀ ਹੈ।

ਹਰ ਦਿਨ 100 ਤੋਂ ਜ਼ਿਆਦਾ ਮਰੀਜ਼ ਆਉਂਦੇ

ਚੰਡੀਗੜ੍ਹ ਵਿਚ ਹਰ ਦਿਨ ਕੁੱਤਿਆਂ ਵੱਲੋਂ ਵੱਢਣ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਕੁੱਤਿਆਂ ਤੋਂ ਪ੍ਰਭਾਵਿਤ ਸਭ ਤੋਂ ਜ਼ਿਆਦਾ ਇਲਾਕਾ ਮਨੀਮਾਜਾਰਾ ਦੇ ਨਾਲ ਹੀ ਸੈਕਟਰ 15, 20, 19, 28, 289 ਸ਼ਾਮਿਲ ਹੈ। ਇਨ੍ਹਾਂ ਸਥਾਨਾਂ ਦੇ ਲੋਕ ਕੁੱਤਿਆਂ ਦਾ ਝੁੰਡ ਦੇਖ ਕੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ। ਇਸ ਸਬੰਧ ਵਿਚ ਨਗਰ ਨਿਗਮ ਵਿਚ ਕਈ ਵਾਰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਕਾਰਵਾਈ ਦੇ ਨਾਮ 'ਤੇ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ।

ਵੈਕਸੀਨ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਕੋਲ ਸਟਾਕ ਨਹੀਂ ਹੈ। ਇਸ ਕਾਰਨ ਮੰਗ ਦੇ ਅਨੁਸਾਰ ਸਪਲਾਈ ਹੋਣ 'ਚ ਕਾਫੀ ਸਮੱਸਿਆ ਆ ਰਹੀ ਹੈ। ਇਸ ਸਬੰਧ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ, ਛੇਤੀ ਹੀ ਵੈਕਸੀਨ ਦੀ ਸਪਲਾਈ ਨਿਸ਼ਚਿਤ ਕਰ ਲਈ ਜਾਵੇਗੀ।

ਡਾ. ਜੀ ਦੀਵਾਨ, ਡਾਇਰੈਕਟਰ ਮੈਡੀਕਲ ਹੈਲਥ।