* ਖੇਡਾਂ

* ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਰਵਾਏ ਕੁਸ਼ਤੀ ਮੁਕਾਬਲੇ

* 400 ਤੋਂ ਵਧ ਉੱਘੇ ਨਾਮੀ ਪਹਿਲਵਾਨਾਂ ਨੇ ਲਿਆ ਹਿੱਸਾ

13ਸੀਐਚਡੀ3ਪੀ, ਕੈਪਸ਼ਨ, ਕੁਸ਼ਤੀ ਦੰਗਲ 'ਚ ਅਜੈ ਬਾਰਨ ਜੇਤੂ ਨੰੂ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ।

13ਸੀਐਚਡੀ3ਏਪੀ, ਕੈਪਸ਼ਨ, ਮੈਦਾਨ ਵਿਚ ਕੁਸ਼ਤੀ ਦੰਗਲ ਕਰਦੇ ਹੋਏ ਨੌਜਵਾਨ।

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ 27ਵਾਂ ਯਾਦਗਾਰੀ ਕੁਸ਼ਤੀ ਦੰਗਲ ਕਰਵਾਇਆ ਗਿਆ। ਬ੍ਰਹਮਲੀਨ ਬ੍ਰਹਮਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਇਸ ਕੁਸ਼ਤੀ ਦੰਗਲ 'ਚ ਪੰਜਾਬ, ਹਰਿਆਣਾ, ਯੂਪੀ ਤੇ ਦਿੱਲੀ ਦੇ ਅਖਾੜਿਆਂ ਦੇ 400 ਤੋਂ ਵੀ ਵੱਧ ਉੱਘੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ ਇਸ ਕੁਸ਼ਤੀ ਦੰਗਲ 'ਚ 155 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ

ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ, ਪਿ੍ਰਤਪਾਲ ਫਗਵਾੜਾ ਅਤੇ ਅਜੈ ਬਾਰਨ ਦੀ ਫਸਵੀਂ ਅਤੇ ਦਿਲ ਖਿੱਚਵੇਂ ਦਾਅ ਨਾਲ ਭਰਪੂਰ ਝੰਡੀ ਦੀ ਕੁਸ਼ਤੀ ਅਜੈ ਬਾਰਨ ਨੇ ਜਿੱਤੀ। ਕੁਸ਼ਤੀ 20 ਮਿੰਟ ਬਰਾਬਰੀ ਤੇ ਰਹਿਣ ਤੋਂ ਬਾਅਦ 5 ਮਿੰਟ ਵਾਧੂ ਪੁਆਇਟਾਂ ਦੇ ਆਧਾਰ ਤੇ ਅਜੈ ਬਾਰਨ ਨੇ ਜਿੱਤੀ।

ਕੁਸ਼ਤੀ ਦੰਗਲ ਵਿਚ ਕਈ ਦਿਲਚਸਪ ਅਤੇ ਫਸਵੀਆਂ ਕੁਸ਼ਤੀਆਂ ਹੋਈਆਂ, ਜਿਨ੍ਹਾਂ 'ਚ ਬਾਜ ਰੌਣੀ ਅਤੇ ਨੇਕੀ ਕੰਗਣਵਾਲ, ਸ਼ੀਪਾ ਲੰਗ ਅਤੇ ਲਾਲੀ ਮੰਡ ਚੌਤਾਂ, ਹਰਮਨ ਆਲਮਗੀਰ ਅਤੇ ਸੁੱਖ ਬਬੇਹਾਲੀ ਦੀਆਂ ਕੁਸ਼ਤੀਆਂ ਵਰਨਣਯੋਗ ਹਨ।

ਮੀਤ ਕੁਹਾਲੀ ਤੇ ਸ਼ੁਨੀਲ ਜ਼ੀਰਕਪੁਰ ਵਿਚਕਾਰ ਕੁਸ਼ਤੀ ਬਹੁਤ ਹੀ ਦਿਲ ਖਿੱਚਵੀਂ ਤੇ ਜ਼ੋਰਦਾਰ ਤਰੀਕੇ ਨਾਲ ਚੱਲੀ। ਦਰਸ਼ਕਾਂ ਨੇ ਪੱਬਾਂ ਭਾਰ ਹੋ ਕੇ ਕੁਸ਼ਤੀ ਦਾ ਅਨੰਦ ਮਾਣਿਆ। ਇੱਕ ਵਾਰ ਤਾਂ ਦਰਸ਼ਕਾਂ ਵੱਲੋਂ ਹਰ ਦਾਅ ਤੇ ਇਨਾਮਾਂ ਦੀ ਝੜ੍ਹੀ ਹੀ ਲੱਗ ਗਈ ਸੀ। ਅੰਤ ਵਿਚ ਮੀਤ ਕੁਹਾਲੀ ਨੇ ਇਸ ਕੁਸ਼ਤੀ ਨੂੰ ਆਪਣੇ ਨਾਮ ਕੀਤਾ।

ਕੁਸ਼ਤੀ ਦੰਗਲ ਤੋਂ ਬਿਨਾਂ ਪਹਿਲਵਾਨਾਂ ਨੇ ਆਪਣੇ ਸਰੀਰਕ ਤਾਕਤ ਦੇ ਕਈ ਤਰ੍ਹਾਂ ਦੇ ਕਰਤੱਬ ਵੀ ਵਿਖਾਏ ਜਿਸ 'ਚ ਪਹਿਲਵਾਨ ਨੇ ਢਾਈ ਕੁਇੰਟਲ ਮਿੱਟੀ ਦੀ ਬੋਰੀ ਨੂੰ ਪਿੱਠ 'ਤੇ ਚੁੱਕ ਕੇ ਪਿੜ੍ਹ ਦਾ ਗੇੜਾ ਦਿੱਤਾ। ਪਹਿਲਵਾਨਾਂ ਨੇ ਜਿੱਥੇ ਆਪਣੀ ਕੁਸ਼ਤੀ ਦੇ ਜੌਹਰ ਵਿਖਾਏ ਉੱਥੇ ਪ੍ਰਸ਼ੰਸਕਾਂ ਨੇ ਮਾਇਆ ਦੇ ਖੁੱਲੇ ਗੱਫੇ ਦੇ ਕੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਨਾਜਰ ਡਡੋਲੀਖੇੜੀ ਅਤੇ ਸ਼ਿਵ ਬੱਦੀ ਨੇ ਆਪਣੀ ਦਿਲ ਖਿੱਚਵੀਂ ਕੁਮੈਂਟਰੀ ਦੇ ਨਾਲ-ਨਾਲ ਕੁਸ਼ਤੀ ਦੰਗਲ ਦੀ ਪਰੰਪਰਾ ਬਾਰੇ ਦਰਸ਼ਕਾਂ ਨੂੰ ਚਾਨਣਾ ਪਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਪਹਿਲਵਾਨਾਂ ਦੀ ਹੱਥ ਜੋੜੀ ਬੂਟਾ ਸਿੰਘ, ਮਾਨ ਸਿੰਘ, ਪਰਮਿੰਦਰ ਸਿੰਘ ਸੋਹਾਣਾ, ਦਵਿੰਦਰ ਬੌਬੀ, ਹਰਜੀਤ ਭੋਲੂ, ਗੱਗਾ, ਸੁਭਾਸ਼ ਸ਼ਰਮਾ ਨੇ ਬੜੇ ਸੁਚੱਜੇ ਢੰਗ ਨਾਲ ਕਰਵਾਈ ਰੈਫਰੀ ਦੀ ਸੇਵਾ ਗੁਰਪ੍ਰੀਤ ਪਹਿਲਵਾਨ ਨੇ ਬਾਖੂਬੀ ਨਿਭਾਈ। ਇਸ ਕੁਸ਼ਤੀ ਦੰਗਲ ਵਿਚ ਇਲਾਕੇ ਦੇ ਪਹਿਲਵਾਨਾਂ ਅਤੇ ਸਾਰੇ ਅਖਾੜਿਆਂ ਦੇ ਕੋਚਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆਇਸ ਕੁਸ਼ਤੀ ਦੰਗਲ ਵਿਚ ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ, ਕਈ ਉੱਘੇ ਸਿਆਸੀ ਆਗੂ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪੁੱਜੇ ਹੋਏ ਸਨ

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਕੌਮ ਤੇ ਧਰਮ ਬਚਾਉਣ ਖਾਤਰ ਅੰਗਰੇਜ਼ਾਂ ਨਾਲ ਕੀਤੀ ਜੰਗ 'ਚ ਹਜ਼ਾਰਾਂ ਸਿੰਘਾਂ ਸਮੇਤ ਇਸ ਅਸਥਾਨ 'ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ 'ਚ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਕੁਸ਼ਤੀ ਦੰਗਲ ਕਰਾਉਣ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਬਚਾਉਣਾ ਹੈ ਤਾਂ ਜੋ ਉਹ ਚੰਗੇ ਉਸਾਰੂ ਕੰਮ ਕਰ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ।