ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁੱਖਦਾਈ ਘਟਨਾਵਾਂ ਦੀ ਜਾਂਚ ਨੂੰ ਅੰਜਾਮ ਤਕ ਜ਼ਰੂਰ ਪਹੁੰਚਾਉਣਗੇ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਦੀ ਕਾਬਲੀਅਤ ਅਤੇ ਸਮੱਰਥਾ ’ਤੇ ਸ਼ੱਕ ਨਹੀਂ ਹੋਣਾ ਚਾਹੀਦਾ ਹੈ। ਪਹਿਲਾਂ ਕੇਂਦਰ ਸਰਕਾਰ ਨੇ ਸੀਬੀਆਈ ਮਾਰਫਤ ਇਸ ਕੇਸ ਦੀ ਜਾਂਚ ਨੂੰ ਲਟਕਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਸਨ ਪਰ ਪੰਜਾਬ ਸਰਕਾਰ ਨੇ ਕਾਨੂੰਨੀ ਤਰੀਕੇ ਨਾਲ ਸੀਬੀਆਈ ਤੋਂ ਫਾਈਲਾਂ ਵਾਪਿਸ ਲੈ ਕੇ ਜਾਂਚ ਨੂੰ ਅੱਗੇ ਵਧਾਇਆ ਸੀ ਅਤੇ ਹੁਣ ਜੋ ਮਾਣਯੋਗ ਹਾਈਕੋਰਟ ਦਾ ਸਿਟ ਸਬੰਧੀ ਨਿਰਣਾ ਆਇਆ ਹੈ, ਇਸ ਨੂੰ ਵੀ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਗੱਲ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਸਪਸ਼ੱਟ ਕਰ ਚੁੱਕੇ ਹਨ ਕਿ ਪੰਥ ਦੇ ਹਿਰਦੇ ਵਲੂੰਧਰ ਵਾਲੀਆਂ ਇਨ੍ਹਾਂ ਘਟਨਾਵਾਂ ਦੇ ਜੋ ਵੀ ਦੋਸ਼ੀ ਹੋਣਗੇ ਉਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰ ਕੇ ਸਜ਼ਾਵਾਂ ਜ਼ਰੂਰ ਦਿਵਾਈਆਂ ਜਾਣਗੀਆਂ।

ਜਾਖੜ ਨੇ ਕਿਹਾ ਕਿ ਜੇਕਰ ਅਪੀਲ ਦਾਇਰ ਕਰਨ ਵਿਚ ਕੋਈ ਕਾਨੂੰਨੀ ਅੜਚਣ ਨਾ ਬਣਦੀ ਹੋਵੇ ਤਾਂ ਇਹ ਜਾਂਚ ਰਿਪੋਰਟ ਜਨਤਕ ਕਰ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਸੱਚ ਪਤਾ ਲੱਗੇ ਕਿ ਕੌਣ ਲੋਕ ਸਨ, ਜਿਨ੍ਹਾਂ ਦੀ ਸ਼ਹਿ ’ਤੇ ਹਿਰਦੇ ਵਲੂੰਧਰਨ ਵਾਲੀਆਂ ਅਜਿਹੀਆਂ ਮਾੜੀਆਂ ਘਟਨਾਵਾਂ ਵਾਪਰੀਆਂ ਸਨ।

Posted By: Jagjit Singh