ਜ. ਸ., ਚੰਡੀਗੜ੍ਹ : ਸੈਕਟਰ-37 ਸਥਿਤ ਵਿਵਾਦਤ ਕੋਠੀ ਨੂੰ ਹੜੱਪਣ ਦੇ ਮਾਮਲੇ 'ਚ ਜ਼ਿਲਾ ਅਦਾਲਤ ਸਖਤ ਹੋ ਗਈ ਹੈ। ਇਸ ਮਾਮਲੇ 'ਚ ਪੁਲਿਸ ਵਲੋਂ ਪੀਕੇ ਦਾਸ ਨੂੰ ਗਵਾਹ ਬਣਾਇਆ ਗਿਆ ਹੈ ਪਰ ਉਹ ਅਦਾਲਤ ਵਲੋਂ ਵਾਰ-ਵਾਰ ਕਹਿਣ 'ਤੇ ਵੀ ਗਵਾਹੀ ਦੇ ਲਈ ਨਹੀਂ ਆ ਰਿਹਾ ਹੈ। ਇਸ ਗੱਲ ਨੂੰ ਲੈ ਕੇ ਅਦਾਲਤ ਨੇ ਦਾਸ ਨੂੰ ਸੰਮਨ ਭੇਜ ਕੇ ਇਕ ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦਾਸ ਨੇ ਕੋਠੀ ਦੇ ਕਾਗਜ਼ਾਤ ਨੌਟਰੀ ਅਟੈਸਟ ਕੀਤੇ ਸਨ।

ਅਦਾਲਤ 'ਚ ਹੋਈ ਪਿਛਲੀ ਸੁਣਵਾਈ 'ਚ ਵੀ ਪੀਕੇ ਦਾਸ ਨਹੀਂ ਆਇਆ ਸੀ ਜਿਸਦੇ ਬਾਅਦ ਅਦਾਲਤ ਨੇ ਸੁਣਵਾਈ ਦੇ ਲਈ ਅਗਲੀ ਤਰੀਕ ਪਾ ਦਿੱਤੀ ਸੀ। 11 ਵਾਰ ਨੋਟਿਸ ਭੇਜਣ ਦੇ ਬਾਵਜੂਦ ਉਹ ਪਹਿਲੀ ਤੇ ਤੀਜੀ ਵਾਰ ਅਦਾਲਤ ਆਇਆ, ਦੋ ਵਾਰ ਉਸ ਵਲੋਂ ਉਸਦਾ ਬੇਟਾ ਸੁਣਵਾਈ 'ਤੇ ਅਦਾਲਤ ਦੇ ਸਾਹਮਣੇ ਪੇਸ਼ ਹੋਇਆ। 5 ਮਹੀਨਿਆਂ ਤੋਂ ਕੇਸ ਦਾ ਟਰਾਇਲ ਚੱਲ ਰਿਹਾ ਹੈ ਅਤੇ ਉਹ ਗਵਾਹੀ ਤਾਂ ਦੂਰ ਦੀ ਗੱਲ, ਅਦਾਲਤ 'ਚ ਪੇਸ਼ ਵੀ ਨਹੀਂ ਹੋ ਰਿਹਾ।

ਪੀਕੇ ਦਾਸ ਤੋਂ ਇਲਾਵਾ ਕੋਠੀ ਮਾਲਕ ਰਾਹੁਲ ਮਹਿਤਾ, ਟੈਨਿਸ ਖਿਡਾਰੀ ਅਨਪਮ ਸ਼ੇਤਰੀ, ਗੁਜਰਾਤ ਦੇ ਭੁਜ ਦੇ ਜਿਸ ਆਸ਼ਰਮ 'ਚ ਰਾਹੁਲ ਨੂੰ ਰੱਖਿਆ ਗਿਆ ਸੀ, ਉਥੋਂ ਅਬਦੁਲ ਕਾਸਿਮ ਬਜਾਨੀਆ, ਹੈੱਡ ਕਾਂਸਟੇਬਲ ਸ਼ੁਭਕਰਣ ਸਿੰਘ, ਸਬ ਰਜਿਸਟ੍ਰਾਰ ਦਫਤਰ ਦਾ ਕਲਰਕ ਦਿਨੇਸ਼ ਦੇਵਗਨ, ਸ਼ਿਕਾਇਤਕਰਤਾ ਸੀਤਾ ਰਾਮ ਅਤੇ ਉਸਦਾ ਬੇਟਾ ਪ੍ਰਦੀਪ ਰਤਨ ਨੂੰ ਸੰਮਨ ਭੇਜੇ ਗਏ ਹਨ ਪਰ ਇਨ੍ਹਾਂ ਦੀ ਗਵਾਹੀ ਹੁਣ ਤਕ ਨਹੀਂ ਹੋਈ।