ਜੇਐੱਨਐੱਨ, ਚੰਡੀਗੜ੍ਹ : ਸੈਕਟਰ-37 ਸਥਿਤ ਕੋਠੀ ਹੜੱਪਣ ਦੇ ਮੁਲਜ਼ਮਾਂ ’ਚੋਂ ਇਕ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਿੰਗਲਾ ਨੇ ਕਰੀਬ 10 ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ’ਚ ਗਿ੍ਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਪਟੀਸ਼ਨ ਪਾਈ ਸੀ। ਜਿਸ ’ਤੇ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਕਰਦੇ ਹੋਏ ਉਸਨੂੰ ਖ਼ਾਰਜ ਕਰ ਦਿੱਤਾ। ਇਸ ਦੇ ਨਾਲ ਹੀ ਸਿੰਗਲਾ ’ਤੇ ਗਿ੍ਫ਼ਤਾਰੀ ਦੀ ਤਲਵਾਰ ਅਜੇ ਵੀ ਲਟਕੀ ਹੋਈ ਹੈ।

ਅਰਵਿੰਦ ਸਿੰਗਲਾ ਵੀ ਕੋਠੀ ਹੜੱਪਣ ਦੇ ਮਾਮਲੇ ’ਚ ਮੁਲਜ਼ਮ ਹੈ ਤੇ ਅਜੇ ਤਕ ਫ਼ਰਾਰ ਚੱਲ ਰਿਹਾ ਹੈ। ਪੁਲਿਸ ਅਜੇ ਤਕ ਉਸਨੂੰ ਫੜਨ ’ਚ ਅਸਫਲ ਹੀ ਰਹੀ ਹੈ। ਪੁਲਿਸ ਨੇ ਉਸਦੇ ਚੰਡੀਗੜ੍ਹ ਤੋਂ ਲੈ ਕੇ ਲੁਧਿਆਣਾ ਸਹੁਰਿਆਂ ਆਦਿ ਜਗ੍ਹਾ ’ਤੇ ਛਾਪਾਮਾਰੀ ਵੀ ਕੀਤੀ ਸੀ ਪਰ ਸਿੰਗਲਾ ਹੁਣ ਤਕ ਪੁਲਿਸ ਦੇ ਹੱਥ ਨਹੀਂ ਚੜ੍ਹਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਇਕ ਹੋਰ ਮੁਲਜ਼ਮ ਸੌਰਭ ਗੁਪਤਾ ਨੇ ਵੀ ਜ਼ਿਲ੍ਹਾ ਅਦਾਲਤ ’ਚ ਅਗਾਊਂ ਜ਼ਮਾਨਤ ਪਟੀਸ਼ਨ ਦਰਜ ਕੀਤੀ ਸੀ ਜਿਸ ਨੂੰ ਕੋਰਟ ਨੇ ਖ਼ਾਰਜ ਕਰ ਦਿੱਤਾ ਸੀ। ਸੌਰਭ ਨੇ ਸੈਕਟਰ-37 ਸਥਿਤ ਵਿਵਾਦਿਤ ਕੋਠੀ ਨੂੰ ਖਰੀਦਿਆ ਹੈ। ਦੋਸ਼ੀ ਸੌਰਭ ਵੀ ਇਸ ਕੇਸ ’ਚ ਫ਼ਰਾਰ ਚੱਲ ਰਿਹਾ ਹੈ ਤੇ ਉਸਦੀ ਵੀ ਪੁਲਿਸ ਨੂੰ ਤਲਾਸ਼ ਹੈ।

Posted By: Jagjit Singh