ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪਸ਼ੂ ਪਾਲਕ ਵੀ ਹੁਣ ਖੇਤੀਬਾੜੀ ਕਰਦੇ ਕਿਸਾਨਾਂ ਦੀ ਤਰ੍ਹਾਂ ਕਿਸਾਨ ਕ੍ਰੈਡਿਟ ਲਿਮਿਟਾਂ ਬਣਾ ਸਕਣਗੇ। ਮੰਗਲਵਾਰ ਨੂੰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਰੋਜ਼ਾਨਾ ਹੋਣ ਵਾਲੇ ਖ਼ਰਚੇ, ਜਿਵੇਂ ਕਿ ਪਸ਼ੂਆਂ ਦੀ ਖ਼ੁਰਾਕ, ਦਵਾਈਆਂ, ਮਜ਼ਦੂਰੀ, ਬਿਜਲੀ ਪਾਣੀ ਦੇ ਬਿੱਲਾਂ ਆਦਿ ਦਾ ਖ਼ਰਚਾ ਚਲਾਉਣ ਲਈ ਬਹੁਤ ਹੀ ਸਸਤੀਆਂ ਦਰਾਂ 'ਤੇ ਬੈਂਕ ਲਿਮਿਟਾਂ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ।

ਬਾਜਵਾ ਨੇ ਦੱਸਿਆ ਕਿ ਹਰੇਕ ਪਸ਼ੂ ਪਾਲਕ ਆਪਣੀ ਸਹੂਲਤ ਮੁਤਾਬਕ ਇਹ ਲਿਮਿਟਾਂ ਬਣਾ ਸਕਦਾ ਹੈ। ਇਸ ਸਕੀਮ ਦੇ ਤਹਿਤ ਪਸ਼ੂ ਪਾਲਕ ਨੂੰ ਪ੍ਰਤੀ ਪਰਿਵਾਰ ਤਿੰਨ ਲੱਖ ਰੁਪਏ ਦੀ ਰਾਸ਼ੀ 4 ਫ਼ੀਸਦੀ ਵਿਆਜ 'ਤੇ ਬੈਂਕਾਂ ਤੋਂ ਦਿਵਾਈ ਜਾਵੇਗੀ। ਇਸਦਾ ਛੋਟੇ ਅਤੇ ਬੇਜ਼ਮੀਨੇ ਪਸ਼ੂ ਪਾਲਕਾਂ ਨੂੰ ਲਾਭ ਹੋਵੇਗਾ ਕਿਉਂਕਿ 1.60 ਲੱਖ ਰੁਪਏ ਤਕ ਦੀ ਰਾਸ਼ੀ ਲੈਣ ਲਈ ਜ਼ਮੀਨ ਆਦਿ ਦੀ ਸਕਿਓਰਿਟੀ ਦੀ ਜ਼ਰੂਰਤ ਨਹੀਂ ਹੋਵੇਗੀ, ਉਸ ਕੋਲ ਸਿਰਫ਼ ਪਸ਼ੂਆਂ ਦਾ ਹੋਣਾ ਹੀ ਜ਼ਰੂਰੀ ਹੈ।

ਪਸ਼ੂ ਪਾਲਣ ਮੰਤਰੀ ਨੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਦੇ ਅਧਿਕਾਰੀਆਂ ਨੂੰ ਇਸ ਸਕੀਮ ਬਾਰੇ ਜੰਗੀ ਪੱਧਰ 'ਤੇ ਘਰ-ਘਰ ਪ੍ਰਚਾਰ ਕਰਨ ਲਈ ਕਿਹਾ ਹੈ ਤਾਂ ਜੋ ਕਿ ਸਹਾਇਕ ਧੰਦਿਆਂ ਨਾਲ ਜੁੜੇ ਕਿਸਾਨ ਆਪਣੇ ਧੰਦਿਆਂ ਨੂੰ ਹੋਰ ਵਿਕਸਤ ਕਰਨ ਲਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।

ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਗੁਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਸਕੀਮ ਸਬੰਧੀ ਪੰਜਾਬ ਦੇ ਸਾਰੇ ਬੈਂਕਾਂ ਨੂੰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਜ਼ਿਲ੍ਹਾ ਪੱਧਰੀ ਅਫ਼ਸਰਾਂ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ।

ਉਨ੍ਹਾਂ ਨਾਲ ਹੀ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਵੀ ਇਸਦਾ ਪ੍ਰਚਾਰ ਕਰ ਕੀਤਾ ਜਾ ਰਿਹਾ ਹੈ ਅਤੇ ਪ੍ਰਤੀ ਪਸ਼ੂ ਲਿਮਿਟ ਦੀ ਰਾਸ਼ੀ ਵੀ ਨਿਰਧਾਰਿਤ ਕਰ ਦਿੱਤੀ ਗਈ ਹੈ, ਜੋ ਕਿ ਮੱਝ ਅਤੇ ਵਲਾਇਤੀ ਗਾਂ ਲਈ 61,467/- ਰੁਪਏ, ਦੇਸੀ ਗਾਂ ਲਈ 43,018/- ਰੁਪਏ, ਭੇਡ/ਬੱਕਰੀ ਲਈ 2,032/- ਰੁਪਏ, ਮਾਦਾ ਸੂਰ ਲਈ 8,169/- ਰੁਪਏ, ਬ੍ਰਾਇਲਰ ਲਈ 161/- ਰੁਪਏ ਅਤੇ ਆਂਡੇ ਦੇਣ ਵਾਲੀ ਮੁਰਗੀ ਲਈ 630/- ਰੁਪਏ ਪ੍ਰਤੀ ਪਸ਼ੂ ਪ੍ਰਤੀ 6 ਮਹੀਨੇ ਲਈ ਹੈ।

ਉਨ੍ਹਾਂ ਨਾਲ ਹੀ ਦੱਸਿਆ ਕਿ ਪਸ਼ੂ ਪਾਲਕ ਲੋੜੀਂਦੀ ਰਾਸ਼ੀ ਉਸ ਨੂੰ ਜਾਰੀ ਕੀਤੇ ਹੋਏ ਕਾਰਡ ਵਿੱਚੋਂ ਸਮੇਂ-ਸਮੇਂ 'ਤੇ ਕਢਵਾ ਸਕਦੇ ਹਨ ਅਤੇ ਕਿਸਾਨ ਕ੍ਰੈਡਿਟ ਕਾਰਡ ਵਾਂਗ ਸਾਲ ਦੇ ਇਕ ਦਿਨ ਪੂਰੀ ਲਿਮਿਟ ਵਾਪਸ ਕਰ ਕੇ ਨਵੀਂ ਲਿਮਿਟ ਬਣਾ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਲਿਮਿਟ ਬਣਾਉਣ ਲਈ ਕਿਸੇ ਕਿਸਮ ਦੀ ਕੋਈ ਫੀਸ ਆਦਿ ਬੈਂਕ ਵੱਲੋਂ ਨਹੀਂ ਲਈ ਜਾਵੇਗੀ।