ਸਟਾਫ਼ ਰਿਪੋਰਟਰ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਵਾਸ਼ਿੰਗਟਨ ’ਚ ਖ਼ਾਲਿਸਤਾਨ ਸਮਰਥਕਾਂ ਵੱਲੋਂ ਇਕ ਸੀਨੀਅਰ ਪੱਤਰਕਾਰ ਦੀ ਕੀਤੀ ਕੁੱਟਮਾਰ ਨੂੰ ਕਾਇਰਤਾ ਭਰੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਭਾਜਪਾ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਵਸੇ ਅਜਿਹੇ ਲੋਕ ਜੋ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਪੰਜਾਬ ’ਚ ਖ਼ਾਲਿਸਤਾਨ ਦੀ ਮੰਗ ਕਰਦਿਆਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਜਿਹੇ ਲੋਕਾਂ ਦੀ ਪਛਾਣ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦੇਸ਼ੀ ਸਰਕਾਰਾਂ ਦੀ ਮਦਦ ਨਾਲ ਇਨ੍ਹਾਂ ਲੋਕਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ‘ਖ਼ਾਲਿਸਤਾਨ’ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੇ ‘ਖ਼ਾਲੀ/ਵੇਹਲੜ੍ਹ’ ਤੇ ‘ਨਕਾਰਾ’ ਮਾਨਸਿਕਤਾ ਸੋਚ ਰਖਣ ਵਾਲੇ ਲੋਕਾਂ ਦੇ ਦਿਮਾਗ਼ ਦੀ ਉਪਜ ਹੈ। ਇਹ ਲੋਕ ਭਾਰਤ ਵਿਰੋਧੀ ਤਾਕਤਾਂ ਤੋਂ ਪੈਸੇ ਲੈ ਕੇ ਖ਼ਾਲਿਸਤਾਨ ਦੇ ਨਾਂ ’ਤੇ ਵਿਦੇਸ਼ਾਂ ’ਚ ਭਾਰਤੀਆਂ ਨਾਲ ਦੁਰਵਿਵਹਾਰ ਕਰਦੇ ਹਨ, ਜਿਸ ਦੀ ਸਖ਼ਤ ਨਿਖੇਧੀ ਹੋਣੀ ਚਾਹੀਦੀ ਹੈ।

ਉਨ੍ਹਾਂ ਦੇਸ਼-ਵਿਦੇਸ਼ ਤੇ ਪੰਜਾਬ ਵਿਚ ਵਸਦੇ ਪੰਜਾਬੀਆਂ ਨੂੰ ਅਜਿਹੇ ਦੇਸ਼ ਵਿਰੋਧੀ ਖ਼ਾਲਿਸਤਾਨ ਸਮਰਥਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਸੀਨੀਅਰ ਪੱਤਰਕਾਰ ਦੀ ਕੁੱਟਮਾਰ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Posted By: Jagjit Singh