ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਕੇਸਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਗਜ਼ੀਨ ਸੈੱਲ ਵਿਚੋਂ 30 ਸਤੰਬਰ ਨੂੰ ਬਤੌਰ ਦਫ਼ਤਰੀ ਸੇਵਾ ਮੁਕਤ ਹੋਏ। ਮੈਗਜ਼ੀਨ ਸੈੱਲ ਅਤੇ ਲੋਕ ਸੰਪਰਕ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਸ ਮੌਕੇ ਸਾਂਝੇ ਤੌਰ 'ਤੇ ਕੇਸਰ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।

ਕੇਸਰ ਸਿੰਘ ਨੇ ਸਾਲ 1993 'ਚ ਬਤੌਰ ਦਿਹਾੜੀਦਾਰ, ਹੈਲਪਰ ਦੇ ਬੋਰਡ ਦੀਆਂ ਸੇਵਾਵਾਂ ਜੁਆਇਨ ਕੀਤੀਆਂ ਅਤੇ ਸਾਲ 2001 ਸਿੱਖਿਆ ਬੋਰਡ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ।

ਕੇਸਰ ਸਿੰਘ ਸੇਵਾ ਕਾਲ ਦੌਰਾਨ ਆਪਣੇ ਨੇਕ ਦਿਲ ਅਤੇ ਗੁਰਮੁੱਖ ਵਤੀਰੇ ਕਾਰਨ ਪੂਰੇ ਸਿੱਖਿਆ ਬੋਰਡ 'ਚ ਹਰਮਨ ਪਿਆਰੇ ਰਹੇ ਹਨ। ਉਨ੍ਹਾਂ ਨੇ ਆਪਣੀ ਮੁਕੰਮਲ ਸੇਵਾ ਬਹੁਤ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈ। ਕੇਸਰ ਸਿੰਘ ਨੇ ਜ਼ਿਆਦਾਤਰ ਲੋਕ ਸੰਪਰਕ ਦਫ਼ਤਰ ਅਤੇ ਮੈਗਜ਼ੀਨ ਸੈੱਲ 'ਚ ਹੀ ਨਿਭਾਈਆਂ। ਲਗਭਗ 30 ਸਾਲ ਦੀ ਸੇਵਾ ਨਿਭਾਉਣ ਉਪਰੰਤ ਉਹ ਬੋਰਡ ਦੀਆਂ ਸੇਵਾਵਾਂ ਤੋਂ ਮੁਕਤ ਹੋਏ। ਲੋਕ ਸੰਪਰਕ ਦਫ਼ਤਰ ਅਤੇ ਮੈਗਜ਼ੀਨ ਸੈੱਲ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਇਸ ਵਿਦਾਇਗੀ ਪਾਰਟੀ ਮੌਕੇ ਵਾਇਸ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਵਰਿੰਦਰ ਭਾਟੀਆ ਅਤੇ ਅਕਾਦਮਿਕ ਸ਼ਾਖਾ ਦੇ ਉਪ ਸਕੱਤਰ, ਸ੍ਰੀਮਤੀ ਅਮਰਜੀਤ ਕੌਰ ਦਾਲਮ ਵੀ ਹਾਜ਼ਰ ਸਨ। ਸਰਦਾਰ ਕੇਸਰ ਸਿੰਘ ਦੀਆਂ ਸੇਵਾਵਾਂ ਕਾਰਨ ਬੋਰਡ ਵੱਲੋਂ ਉਨ੍ਹਾਂ ਨੂੰ ਲੰਮੇ ਸਮੇਂ ਤਕ ਯਾਦ ਕੀਤਾ ਜਾਂਦਾ ਰਹੇਗਾ।