ਪੰਜਾਬੀ ਜਾਗਰਣ ਬਿਊਰੋ, ਚੰਡੀਗਡ਼੍ਹ : ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਆਗੂ ਹਰ ਵਰਗ ਦੇ ਲੋਕਾਂ ਨਾਲ ਰਾਬਤਾ ਵਧਾਉਣ ਦੇ ਮੰਤਵ ਵਜੋਂ ਗਲੀਆਂ, ਕੂਚੇ ਤੇ ਖੇਤਾਂ ਵਿਚ ਕੰਮ ਕਰਦੇ ਲੋਕਾਂ ਤਕ ਪਹੁੰਚ ਕਰਨ ਲੱਗੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਖੇਤਾਂ ਵਿਚ ਮੰਜੇ ’ਤੇ ਬੈਠ ਕੇ ਰੋਟੀ ਖਾਣ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਸੇ ਤਰਜ਼ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ’ਚ ਪੈੰਦੇ ਪਿੰਡ ਪਪਰਾਲੀ ਵਿਖੇ ਸਰ੍ਹੋਂ ਦੇ ਲਹਿਰਾਉਂਦੇ ਖੇਤਾਂ ਵਿਚ ਬੈਠ ਕੇ ਮੱਕੀ ਦੀ ਰੋਟੀ ਤੇ ਸਾਗ ਦਾ ਸਵਾਦ ਲਿਆ ਹੈ। ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਕੁਰਾਲੀ-ਰੂਪਨਗਰ ਬਾਈਪਾਸ ’ਤੇ ਪੈਂਦੇ ਪਿੰਡ ਪਪਰਾਲੀ ਵਿਖੇ ਇਕ ਕਿਸਾਨ ਦੀ ਮੋਟਰ ’ਤੇ ਪੁੱਜੇ। ਦੱਸਿਆ ਜਾਂਦਾ ਹੈ ਕਿ ਇਥੇ ਪਹਿਲਾਂ ਹੀ ਕਈ ਕਿਸਾਨ ਤੇ ਲੋਕ ਮੌਜੂਦ ਸਨ ਅਤੇ ਕਿਸਾਨਾਂ ਤੇ ਵਲੰਟੀਅਰਜ਼ ਨੇ ਕੇਜਰੀਵਾਲ, ਭਗਵੰਤ ਮਾਨ ਸਣੇ ਹੋਰਨਾਂ ਲਈ ਮੱਕੀ ਦੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਸੀ। ਇੱਥੇ ਕਿਸਾਨਾਂ ਨੇ ਕੇਜਰੀਵਾਲ ਨੂੰ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਾ ਦੇਣ ਦੀ ਗੱਲ ਦੱਸੀ। ਕੇਜਰੀਵਾਲ ਨੇ ਕਿਸਾਨਾਂ ਨੂੰ ਬਦਲਾਅ ਲਿਆਉਣ ਲਈ ‘ਆਪ’ ਦੀ ਮਦਦ ਕਰਨ ਦੀ ਅਪੀਲ ਕੀਤੀ। ਇਕ ਕਿਸਾਨ ਨੇ ਕੇਜਰੀਵਾਲ ਨੂੰ ਦਿੱਲੀ ’ਚ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਮਦਦ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਲੀ ਵਿਚ ਧਰਨੇ ’ਤੇ ਬੈਠੇ ਸਨ ਤਾਂ ਪਹਿਲਾਂ ‘ਆਪ’ ਦੀ ਸਰਕਾਰ ਮਦਦ ਲਈ ਅੱਗੇ ਆਈ ਸੀ। ਇਕ ਹੋਰ ਕਿਸਾਨ ਨੇ ਭਗਵੰਤ ਮਾਨ ਦੇ ਹਵਾਲੇ ਨਾਲ ਦੱਸਿਆ ਕਿ ‘ਆਪ’ ਨੂੰ ਰੋਕਣ ਲਈ ਰਵਾਇਤੀ ਪਾਰਟੀਆਂ ਦੇ ਆਗੂ ਮਿਲੇ ਹੋਏ ਹਨ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਸਰਕਾਰ ਬਣਨ ’ਤੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਖੇਤੀ ਨੀਤੀਆਂ ਵਿਚ ਬਦਲਾਅ ਵੀ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੰਜੇ ’ਤੇ ਬੈਠ ਕੇ ਰੋਟੀ ਖਾਧੀ ਤੇ ਬਾਅਦ ਵਿਚ ਚਾਹ ਵੀ ਪੀਤੀ।

Posted By: Tejinder Thind