ਸਟੇਟ ਬਿਊਰੋ, ਚੰਡੀਗੜ੍ਹ : ਕਠੂਆ ਸਮੂਹਕ ਜਬਰ ਜਨਾਹ ਮਾਮਲੇ ਵਿਚ ਪਠਾਨਕੋਟ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ 6 ਦੋਸ਼ੀਆਂ ਦੀ ਸਜ਼ਾ ਵਧਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜੇ ਪੀੜਤਾ ਦੇ ਬਾਪ ਦੀ ਪਟੀਸ਼ਨ ਨੂੰ ਅਤਿਅੰਤ ਅਹਿਮ ਦੱਸਦਿਆਂ ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਇਸ 'ਤੇ ਵੀਰਵਾਰ ਨੂੰ ਸੁਣਵਾਈ ਕੀਤੇ ਜਾਣ ਦੇ ਹੁਕਮ ਕੀਤੇ ਹਨ।

ਇਸ ਪਟੀਸ਼ਨ ਵਿਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਪਟੀਸ਼ਨਰ ਦੇ ਵਕੀਲ ਉਤਸਵ ਬੈਂਸ ਨੇ ਅਦਾਲਤ ਨੂੰ ਇਸ ਮਾਮਲੇ ਦਾ ਸੰਖੇਪ ਵੇਰਵਾ ਦਿੱਤਾ, ਜਿਸ ਮਗਰੋਂ ਅਦਾਲਤ ਨੇ ਇਸ 'ਤੇ ਸੁਣਵਾਈ 18 ਜੁਲਾਈ ਤਕ ਮੁਲਤਵੀ ਕਰ ਦਿੱਤੀ ਹੈ। ਵੀਰਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਵੱਲੋਂ ਦਾਇਰ ਕੀਤੀਆਂ ਅਪੀਲਾਂ 'ਤੇ ਸੁਣਵਾਈ ਕਰਨੀ ਹੈ। ਗ਼ੌਰਤਲ਼ਬ ਹੈ ਕਿ ਮੁਲਜ਼ਮਾਂ ਵੱਲੋਂ ਪਠਾਨਕੋਟ ਅਦਾਲਤ ਦੇ ਫ਼ੈਸਲੇ ਵਿਰੁੱਧ ਅਪੀਲਾਂ ਦਾਇਰ ਕਰਨ ਤੋਂ ਲਗਪਗ ਹਫ਼ਤੇ ਬਾਅਦ ਪੀੜਤਾ ਦੇ ਪਿਤਾ ਨੇ ਮੁਲਜ਼ਮਾਂ ਦੀ ਸਜ਼ਾ ਵਧਾਉਣ ਦੀ ਮੰਗ ਹਾਈ ਕੋਰਟ ਵਿਚ ਕੀਤੀ ਸੀ। ਪੀੜਤਾ ਦੇ ਪਿਤਾ ਨੇ ਇਸ ਮਾਮਲੇ ਵਿਚ ਪਠਾਨਕੋਟ ਅਦਾਲਤ ਵੱਲੋਂ ਬਰੀ ਕੀਤੇ ਗਏ ਵਿਸ਼ਾਲ ਜੰਗੋਤਰੇ ਨੂੰ ਦੋਸ਼ਾਂ ਤੋਂ ਮੁਕਤੀ ਮਿਲਣ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ।

ਪਠਾਨਕੋਟ ਅਦਾਲਤ ਵੱਲੋਂ ਇਸ ਮਾਮਲੇ ਵਿਚ ਛੇ ਮੁਲਜ਼ਮਾਂ ਨੂੰ ਸੁਣਾਈ ਗਈ ਸਜ਼ਾ ਨੂੰ ਨਾ-ਕਾਫ਼ੀ ਦੱਸਦਿਆਂ ਪਟੀਸ਼ਨਰ ਨੇ ਕਿਹਾ ਹੈ ਕਿ ਇਹ ਮਾਮਲਾ 'ਅਤਿਅੰਤ ਵਿਰਲੀ' ਸ਼੍ਰੇਣੀ ਵਿਚ ਆਉਂਦਾ ਹੈ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਵੇਲੇ ਅਦਾਲਤ ਨੇ ਨਰਮੀ ਵਿਖਾਈ ਹੈ।

ਅਪੀਲਕਰਤਾ ਨੇ ਕਿਹਾ ਕਿ ਟਰਾਇਲ ਕੋਰਟ ਨੇ ਸਾਂਝੀ ਰਾਮ, ਦੀਪਕ ਖਜੂਰੀਆ ਤੇ ਪਰਵੇਸ਼ ਕੁਮਾਰ ਨੂੰ ਅਗ਼ਵਾਕਾਰੀ, ਗਿਣੀ ਮਿੱਥੀ ਹੱਤਿਆ, ਪੀੜਤ ਨੂੰ ਨਸ਼ੇ ਦੇਣ ਤੇ ਜਬਰ ਜਨਾਹ ਜਿਹੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਪੀਲ ਵਿਚ ਕਿਹਾ ਗਿਆ ਹੈ ਕਿ ਟਰਾਇਲ ਕੋਰਟ ਨੇ ਦੋਸ਼ੀਆਂ ਦੇ ਕਾਰੇ ਨੂੰ ਜ਼ਾਲਮਾਨਾ ਤਾਂ ਮੰਨਿਆ ਪਰ ਇਸ ਮੁਤਾਬਕ ਸਜ਼ਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਧੀ ਦੇ ਕਾਤਲਾਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਅਜਿਹੀ ਸੋਚ ਵਾਲੇ ਅਨਸਰਾਂ ਨੂੰ ਸਖ਼ਤ ਸਬਕ ਮਿਲ ਸਕੇ।