ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਕਰਤਾਰਪੁਰ ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ 'ਚ ਉਤਸ਼ਾਹ ਦੀ ਕਮੀ ਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਡੇਰਾ ਬਾਬਾ ਨਾਨਕ 'ਚ ਸੈਰ ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਵੇਖ ਰਹੀ ਸਰਕਾਰ ਲਈ ਇਹ ਕਿਸੇ ਚੁਣੌਤੀ ਭਰੀ ਸਥਿਤੀ ਤੋਂ ਘੱਟ ਨਹੀਂ ਹੈ ਕਿ ਜਿੱਥੇ ਕੁਝ ਸਮਾਂ ਪਹਿਲਾਂ ਤਕ ਦਿੱਲੀ ਤੇ ਮੁੰਬਈ ਜਿਹੇ ਸ਼ਹਿਰਾਂ ਤੋਂ ਇੱਥੇ ਹੋਟਲ ਖੋਲ੍ਹਣ ਦੀ ਇੱਛਾ ਰੱਖਣ ਵਾਲੇ ਲੋਕ ਸਰਕਾਰ ਦੇ ਮੰਤਰੀਆਂ ਦੇ ਸੰਪਰਕ 'ਚ ਸਨ ਹੁਣ ਉਨ੍ਹਾਂ ਲੋਕਾਂ ਨੇ ਫੋਨ ਤਕ ਕਰਨੇ ਛੱਡ ਦਿੱਤੇ ਹਨ।

ਖ਼ੁਦ ਸਹਿਕਾਰਤਾ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਕਹਿੰਦੇ ਹਨ ਕਿ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਵਾਲੇ ਲੋਕਾਂ ਦੇ ਫੋਨ ਆਉਣੇ ਅਚਾਨਕ ਬੰਦ ਹੋ ਗਏ ਹਨ। ਲੋਕਾਂ ਦੇ ਰੁਝਾਨ 'ਚ ਕਮੀ ਨੇ ਇਸ ਗੱਲ ਨੂੰ ਲੈ ਕੇ ਸ਼ੰਕੇ ਵਧਾ ਦਿੱਤੇ ਹਨ ਕਿ ਹੁਣ ਡੇਰਾ ਬਾਬਾ ਨਾਨਕ 'ਚ ਹੋਣ ਵਾਲੇ ਸੰਭਾਵੀ ਵਿਕਾਸ 'ਤੇ ਰੁਕਾਵਟ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨੌਂ ਨਵੰਬਰ ਤੋਂ ਲੈ ਕੇ ਹੁਣ ਤਕ ਸਿਰਫ਼ ਦੋ ਹਜ਼ਾਰ ਲੋਕ ਹੀ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਹਨ ਜਦਕਿ ਇੱਥੇ ਰੋਜ਼ਾਨਾ ਪੰਜ ਹਜ਼ਾਰ ਲੋਕਾਂ ਤੇ ਵੱਖ-ਵੱਖ ਗੁਰਪੁਰਬ ਦੇ ਮੌਕਿਆਂ 'ਤੇ 10 ਹਜ਼ਾਰ ਲੋਕਾਂ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਸਹੂਲਤ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਦਿੱਤੀ ਹੈ।

ਇਸ ਹਿਸਾਬ ਨਾਲ ਹੁਣ ਤਕ ਤਾਂ 40 ਹਜ਼ਾਰ ਲੋਕਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਹੁੰਚ ਜਾਣਾ ਚਾਹੀਦਾ ਸੀ। ਪਰ ਇਸਦੇ ਉਲਟ ਰੋਜ਼ਾਨਾ ਸਿਰਫ਼ ਦੋ ਸੌ ਤੋਂ ਤਿੰਨ ਸੌ ਲੋਕ ਹੀ ਕੋਰੀਡੋਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ 'ਚ ਦਿਲਚਸਪੀ ਵਿਖਾ ਰਹੇ ਹਨ। ਇਹ ਅੰਕੜਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਉਮੀਦ ਤੋਂ ਪਰ੍ਹਾਂ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹਨ। ਪਾਸਪੋਰਟ ਦੀ ਸ਼ਰਤ, 20 ਡਾਲਰ ਫੀਸ, ਡਾਲਰ ਐਕਸਚੇਂਜ ਕਰਵਾਉਣ 'ਚ ਦਿੱਕਤ, ਅਟਾਰੀ ਸਰਹੱਦ ਤੋਂ ਪਾਕਿਸਤਾਨ ਦਾ ਸਸਤਾ ਸਫ਼ਰ ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੀ ਸੰਗਤ ਦੀ ਪੁਲਿਸ ਵੈਰੀਫਿਕੇਸ਼ਨ ਦਾ ਕੰਮ ਵੀ ਇਕੱਠੇ ਨਾ ਹੋਣਾ, ਕਮਜ਼ੋਰ ਆਵਾਜਾਈ ਦੀ ਸਹੂਲਤ ਸੰਗਤ ਦੇ ਉਤਸ਼ਾਹ 'ਚ ਕਮੀ ਦੇ ਪ੍ਰਮੁੱਖ ਕਾਰਨ ਹਨ।

ਨਹੀਂ ਹੈ ਪਾਸਪੋਰਟ

ਸੰਗਤ 'ਚ ਉਤਸ਼ਾਹ ਦੀ ਕਮੀ ਦਾ ਇਕ ਵੱਡਾ ਕਾਰਨ ਪਾਸਪੋਰਟ ਦੀ ਸ਼ਰਤ ਹੈ। ਪਾਕਿਸਤਾਨ ਸਰਕਾਰ ਮੌਖਿਕ ਤੌਰ 'ਤੇ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਈ ਪਾਸਪੋਰਟ ਦੀ ਲੋੜ ਨਹੀਂ ਹੈ ਪਰ ਭਾਰਤ ਤੇ ਪਾਕਿਸਤਾਨ ਦਰਮਿਆਨ ਐੱਮਓਯੂ 'ਚ ਪਾਸਪੋਰਟ ਦੀ ਸ਼ਰਤ ਸ਼ਾਮਲ ਹੈ। ਉੱਥੇ, ਵੱਡੀ ਗਿਣਤੀ 'ਚ ਲੋਕਾਂ ਦੇ ਪਾਸਪੋਰਟ ਨਹੀਂ ਹਨ। ਬਿਨਾਂ ਪਾਸਪੋਰਟ ਰਜਿਸਟ੍ਰੇਸ਼ਨ ਸੰਭਵ ਨਹੀਂ ਹੈ।

ਗਰੁੱਪ 'ਚ ਰਜਿਸਟ੍ਰੇਸ਼ਨ, ਇਜਾਜ਼ਤ ਇਕ ਨੂੰ

ਰਜਿਸਟ੍ਰੇਸ਼ਨ ਲਈ ਪਾਸਪੋਰਟ ਬਾਰੇ ਪੁੱਛਿਆ ਜਾਂਦਾ ਹੈ। ਉਸ ਤੋਂ ਬਾਅਦ ਕਾਲਮ ਹੈ ਕਿ ਕੀ ਤੁਸੀਂ ਇਕੱਲੇ ਜਾ ਰਹੇ ਹੋ ਜਾਂ ਗਰੁੱਪ ਨਾਲ, ਇੱਥੇ ਦਿੱਕਤ ਇਹ ਹੈ ਕਿ ਜੇਕਰ ਤੁਸੀਂ ਪਰਿਵਾਰ ਨਾਲ ਜਾ ਰਹੇ ਹੋ ਤਾਂ ਤੁਹਾਨੂੰ ਗਰੁੱਪ ਭਰਨਾ ਪੈਂਦਾ ਹੈ। ਪਰ ਬਾਅਦ 'ਚ ਸਾਰਿਆਂ ਨੂੰ ਇਕੱਠੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ। ਮੋਹਾਲੀ ਦੇ ਸਤਵੰਤ ਸਿੰਘ ਇਸਦੀ ਉਦਾਹਰਣ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਪਰਿਵਾਰ ਨਾਲ ਰਜਿਸਟ੍ਰੇਸ਼ਨ ਕੀਤੀ, ਪਰ ਪੁਲਿਸ ਵੈਰੀਫਿਕੇਸ਼ਨ ਸਿਰਫ਼ ਉਨ੍ਹਾਂ ਦੀ ਹੋਈ। ਲਿਹਾਜ਼ਾ, ਸਾਰਾ ਪਰਿਵਾਰ ਜਾਣ ਤੋਂ ਹੀ ਰਹਿ ਗਿਆ।

20 ਡਾਲਰ ਫੀਸ ਤੇ ਬੈਂਕ ਬਣੇ ਚੁਣੌਤੀ

ਕੋਰੀਡੋਰ ਰਾਹੀਂ ਆਉਣ ਵਾਲੀ ਸੰਗਤ 'ਤੇ ਪਾਕਿਸਤਾਨ ਵੱਲੋਂ 20 ਡਾਲਰ ਦੀ ਫੀਸ ਦੀ ਸ਼ਰਤ ਰੱਖੀ ਗਈ ਹੈ। ਜਿਸ ਕਾਰਨ ਕਈ ਅਜਿਹੇ ਲੋਕ ਵੀ ਹਨ ਜੋ ਇਹ ਖ਼ਰਚ ਚੁੱਕਣ ਦੀ ਸਮਰੱਥਾ ਨਹੀਂ ਰੱਖਦੇ। ਅਜਿਹੇ ਲੋਕਾਂ ਦੇ ਪਾਸਪੋਰਟ ਵੀ ਨਹੀਂ ਬਣੇ ਹਨ ਤੇ ਨਾ ਹੀ ਉਨ੍ਹਾਂ ਨੂੰ ਕੋਈ ਦਿਲਚਸਪੀ ਹੈ। ਉੱਥੇ ਕਈ ਲੋਕਾਂ ਨੂੰ ਡਾਲਰ ਦੀ ਵਿਵਸਥਾ ਨਹੀਂ ਹੋ ਰਹੀ ਹੈ।

ਡਾਲਰ ਦੀ ਵਿਵਸਥਾ ਕਰਨ 'ਚ ਲੱਗੇ ਅਸ਼ਵਨੀ ਤੇ ਉਨ੍ਹਾਂ ਦੇ ਮਿੱਤਰ ਨੇ ਦੱਸਿਆ ਕਿ ਬੈਂਕ ਡਾਲਰ ਨੂੰ ਕਨਵਰਟ ਕਰਨ ਲਈ ਪਾਸਪੋਰਟ ਜਾਂ ਫਿਰ ਏਅਰ ਟਿਕਟ ਤੇ ਵੀਜ਼ਾ ਦੀ ਮੰਗ ਕਰ ਰਹੇ ਹਨ ਜਦਕਿ ਸਾਡੇ ਕੋਲ ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ ਯਾਨੀ ਈਟੀਏ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਨੂੰ ਵੇਖ ਕੇ ਡਾਲਰ ਦੇਣ ਬਾਰੇ ਉਨ੍ਹਾਂ ਨੂੰ ਹਾਲੇ ਅਥਾਰਟੀ ਨਹੀਂ ਹੈ। ਜੇਕਰ ਉਹ ਦੂਜੇ ਏਜੰਟਾਂ ਤੋਂ ਐਕਸਚੇਂਜ ਕਰਵਾਉਂਦੇ ਹਨ ਤਾਂ ਉਹ ਵੱਖ ਤੋਂ ਪੈਸਾ ਵਸੂਲ ਕਰ ਰਹੇ ਹਨ। ਅਸ਼ਵਨੀ ਦਾ ਕਹਿਣਾ ਹੈ ਕਿ ਪੀਟੀਬੀ 'ਚ ਮਨੀ ਐਕਸਚੇਂਜ ਦੀ ਵਿਵਸਥਾ ਨਹੀਂ ਹੈ।

ਐੱਮਓਯੂ 'ਚ ਨਹੀਂ ਹੋਈ ਸੋਧ

ਕਰਤਾਰਪੁਰ ਸਾਹਿਬ ਜਾਣ ਲਈ ਦੋਵਾਂ ਦੇਸ਼ਾਂ 'ਚ ਜੋ ਐੱਮਓਯੂ ਸਾਈਨ ਹੋਇਆ ਹੈ ਉਸ 'ਚ ਘੱਟੋ ਘੱਟ 12 ਦਿਨ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਬਾਰੇ ਦੱਸਣਾ ਪੈਂਦਾ ਹੈ। ਅਜਿਹੇ 'ਚ ਕਈਆਂ ਦਾ ਪ੍ਰਰੋਗਰਾਮ ਬਣ ਤੇ ਵਿਗੜ ਰਿਹਾ ਹੈ। ਜੇਕਰ ਕਿਸੇ ਦਾ ਪ੍ਰਰੋਗਰਾਮ ਰੱਦ ਹੋ ਜਾਂਦਾ ਹੈ ਤਾਂ ਪੂਰਾ ਗਰੁੱਪ ਹੀ ਯਾਤਰਾ ਤੋਂ ਬਾਹਰ ਹੋ ਜਾਂਦਾ ਹੈ। ਪਾਕਿਸਤਾਨ ਸਰਕਾਰ ਨੇ ਹੁਣ ਕਹਿ ਦਿੱਤਾ ਹੈ ਕਿ ਚਾਰ ਦਿਨ ਪਹਿਲਾਂ ਵੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਪਰ ਜਦੋਂ ਤਕ ਐੱਮਓਯੂ 'ਚ ਸੋਧ ਨਹੀਂ ਹੁੰਦੀ ਉਦੋਂ ਤਕ ਪੁਰਾਣੀ ਵਿਵਸਥਾ ਬਣੀ ਰਹੇਗੀ।

ਆਵਾਜਾਈ ਦੀ ਕਮਜ਼ੋਰ ਸੁਵਿਧਾ

ਡੇਰਾ ਬਾਬਾ ਨਾਨਕ ਲਈ ਪਬਲਿਕ ਟਰਾਂਸਪੋਰਟ ਹੋਰ ਵੱਡੇ ਸ਼ਹਿਰਾਂ ਜਿਹੀ ਨਹੀਂ ਹੈ। ਇੱਥੇ ਸਿਰਫ਼ ਅੰਮਿ੍ਤਸਰ ਤੋਂ ਦੋ ਟ੍ਰੇਨਾਂ ਸਵੇਰੇ ਸ਼ਾਮ ਆਉਂਦੀਆਂ ਹਨ। ਇਸ ਤੋਂ ਇਲਾਵਾ ਡੀਐੱਮਯੂ ਦੋ ਚੱਕਰ ਲਾਉਂਦੀ ਹੈ। ਵਾਲਵੋ ਬੱਸ ਸੇਵਾ ਵੀ ਨਹੀਂ ਹੈ। ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਜਲੰਧਰ ਤੇ ਅੰਮਿ੍ਤਸਰ ਤੋਂ ਵੀ ਸਿੱਧੀ ਬੱਸ ਸੇਵਾ ਨਹੀਂ ਹੈ।

ਇੱਥੇ ਪਹੁੰਚਣ ਲਈ ਸ਼ਰਧਾਲੂਆਂ ਨੂੰ ਬਟਾਲਾ ਤੋਂ ਬੱਸ ਲੈਣੀ ਪੈਂਦੀ ਹੈ। ਜੇਕਰ ਲੋਕ ਆਪਣੀਆਂ ਗੱਡੀਆਂ ਰਾਹੀਂ ਜਾਂਦੇ ਹਨ ਤਾਂ ਭਾਰਤ ਦੀ ਸਾਈਡ 'ਚ ਗੱਡੀ ਖੜ੍ਹੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜਦੋਂ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਸੀ ਤਾਂ ਤੈਅ ਕੀਤਾ ਗਿਆ ਸੀ ਕਿ ਪੀਟੀਬੀ ਦੇ ਬਾਹਰ 20 ਏਕੜ ਜ਼ਮੀਨ ਲੀਜ਼ 'ਤੇ ਲਈ ਜਾਵੇਗੀ। ਇਸ ਤੋਂ ਉਲਟ ਵਾਹਗਾ ਰਾਹੀਂ ਕਰਤਾਰਪੁਰ ਸਾਹਿਬ ਪਹੁੰਚਣਾ ਕਾਫ਼ੀ ਆਸਾਨ ਹੈ।

ਅਟਾਰੀ ਤੋਂ ਸਫ਼ਰ ਸਸਤਾ ਤੇ ਆਸਾਨ

ਕੋਰੀਡੋਰ ਰਾਹੀਂ ਪਾਕਿਸਤਾਨ ਜਾਣ ਦੀ ਬਜਾਏ ਅਟਾਰੀ-ਵਾਹਗਾ ਸਰਹੱਦ ਤੋਂ ਵੀਜ਼ਾ ਲੈ ਕੇ ਪਾਕਿਸਤਾਨ ਜਾਣਾ ਸੰਗਤ ਨੂੰ ਬਿਹਤਰ ਲੱਗ ਰਿਹਾ ਹੈ। ਇਹ ਸਸਤਾ ਵੀ ਹੈ ਤੇ ਇਸ ਨਾਲ ਉਹ ਇਕ ਨਹੀਂ ਅਨੇਕਾਂ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ 'ਚ ਕਈ ਦਿਨ ਠਹਿਰ ਵੀ ਸਕਦੇ ਹਨ।

ਪਾਕਿਸਤਾਨ ਦੇ ਟੂਰਿਸਟ ਵੀਜ਼ਾ ਦੀ ਫੀਸ 120 ਰੁਪਏ ਪ੍ਰਤੀ ਵਿਅਕਤੀ ਹੈ। ਇਸ ਦੀ ਮਿਆਦ 14 ਦਿਨ ਹੁੰਦੀ ਹੈ। ਵੀਜ਼ਾ ਲੈ ਕੇ ਲਾਹੌਰ ਜਾਣ 'ਤੇ ਯਾਤਰੀ ਦੋ ਹਜ਼ਾਰ ਰੁਪਏ ਖ਼ਰਚ ਕਰ ਕੇ ਇਕੋ ਸਮੇਂ ਕਈ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਹਨ। ਜਦਕਿ ਕਰਤਾਰਪੁਰ ਸਾਹਿਬ ਤੋਂ ਉਸੇ ਦਿਨ ਵਾਪਸ ਆਉਣਾ ਪੈਂਦਾ ਹੈ।