ਪੰਜਾਬੀ ਜਾਗਰਣ ਬਿਊਰੋ, ਚੰੰਡੀਗੜ੍ਹ : 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ ਦੇ ਪੂਰੇ ਆਸਾਰ ਬਣਦੇ ਦਿਖਾਈ ਦੇਣ ਲੱਗੇ ਹਨ।

ਕੇਂਦਰ ਸਰਕਾਰ ਵੱਲੋਂ ਜਿੱਥੇ ਲਾਂਘੇ ਦਾ ਕੰਮ 86 ਫੀਸਦੀ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਪਾਕਿਸਤਾਨ ਸਰਕਾਰ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਾਲੇ ਪਾਸਿਓਂ ਵੀ ਲਾਂਘੇ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਗੁਰਪੁਰਬ ਤਕ ਲਾਂਘਾ ਤਿਆਰ ਕਰਕੇ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਇਸੇ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਦੱਸਿਆ ਹੈ ਕਿ ਅਗਲੇ ਮਹੀਨੇ 8 ਨਵੰਬਰ ਨੂੰ ਭਾਰਤ ਵਾਲੇ ਪਾਸਿਓਂ ਲਾਂਘਾ ਖੋਲਿ੍ਹਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਦਾ ਉਦਘਾਟਨ ਕਰਨਗੇ। ਸੋਸ਼ਲ ਮੀਡੀਆ 'ਤੇ ਟਵੀਟ ਰਾਹੀਂ ਹਰਸਿਮਰਤ ਨੇ ਕਿਹਾ ਹੈ ਕਿ ਸੰਗਤਾਂ ਦੀ ਸ਼੍ਰੀ ਕਰਤਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਗੁਰੂ ਸਾਹਿਬ ਨੇ ਸੁਣ ਲਈ ਹੈ।

ਉੱਧਰ ਪਾਕਿਸਤਾਨ ਨੇ ਹਾਲੇ ਤਕ ਇਸ ਬਾਰੇ ਕੋਈ ਰਸਮੀ ਐਲਾਨ ਤਾਂ ਨਹੀਂ ਕੀਤਾ ਕਿ ਪਾਕਿਸਤਾਨ ਸਰਕਾਰ ਕਦੋਂ ਲਾਂਘਾ ਖੋਲ੍ਹੇਗੀ ਫਿਲਹਾਲ ਪਾਕਿ ਵੱਲੋਂ ਲਾਂਘੇ ਦੀ 20 ਡਾਲਰ ਪ੍ਰਤੀ ਯਾਤਰੀ ਫੀਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਹਾਲਾਂਕਿ ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਜਲਦੀ ਹੀ ਲਾਂਘਾ ਖੋਲ੍ਹ ਦਿੱਤਾ ਜਾਵੇਗਾ। ਪਾਕਿਸਤਾਨ ਨੇ ਸਪੱਸ਼ਟ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਖੋਲ੍ਹ ਦਿੱਤਾ ਜਾਵੇਗਾ।