ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕੈਪਟਨ ਸਰਕਾਰ ਫਤਿਹਜੰਗ ਸਿੰਘ ਬਾਜਵਾ ’ਤੇ ਪੂਰੀ ਮਿਹਰਬਾਨ ਹੈ। ਅੱਜ ਉਨ੍ਹਾਂ ਦੇ ਬੇਟੇ ਕੰਵਰ ਪ੍ਰਤਾਪ ਸਿੰਘ ਬਾਜਵਾ ਨੂੰ ਆਲ ਇੰਡੀਆਂ ਜੱਟ ਸਭਾ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਭਾ ਦੇ ਪ੍ਰਧਾਨ ਹਰਪਾਲ ਸਿੰਘ ਨੂਰਪੁਰਾ ਨੇ ਬਾਜਵਾ ਨੂੰ ਨਿਯੁਕਤੀ ਪੱਤਰ ਸੌਪਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪੁਰਾ ਨੇ ਕਿਹਾ ਕਿ ਜੱਟ ਸਭਾ ਗੈਰ ਸਿਆਸੀ ਜਥੇਬੰਦੀ ਹੈ ਪਰ ਪਾਰਟੀ ਦੇ ਕੌਮੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਨਵਜੋਤ ਕੌਰ ਸਿੱਧੂ ਤੇ ਹੁਣ ਬਾਜਵਾ ਦੇ ਬੇਟੇ ਨੂੰ ਯੂਥ ਵਿੰਗ ਨਿਯੁਕਤ ਕੀਤੇ ਜਾਣ ਦੇ ਸਵਾਲ ਦਾ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕੇਂਦਰ ਸਰਕਾਰ ਤੋਂ ਫਲਾਂ ਤੇ ਸਬਜ਼ੀਆਂ ’ਤੇ ਐੱਮਐੱਸਪੀ ਦੇਣ ਦੀ ਮੰਗ ਕੀਤੀ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖੁਦ ਫਲਾਂ ਤੇ ਸਬਜ਼ੀਆਂ ’ਤੇ ਐੱਮਐੱਸਪੀ ਦੇਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਚੁੱਕੇ ਹਨ ਤਾਂ ਇਸ ਸਵਾਲ ਨੂੁੰ ਵੀ ਉਹ ਟਾਲ ਗਏ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪੰਜਾਬ ਦੀ ਬਜਾਏ ਦਿੱਲੀ ਵਿਖੇ ਧਰਨਾ ਦੇਣ ਬਾਰੇ ਦਿੱਤੇ ਗਏ ਬਿਆਨ ’ਤੇ ਹਰਪਾਲ ਸਿੰਘ ਨੇ ਕਿਹਾ ਕਿ ਉਹ ਸਯੁੰਕਤ ਕਿਸਾਨ ਮੋਰਚਾ ਦੇ ਨਾਲ ਹਨ, ਪਰ ਕੈਪਟਨ ਦੇ ਬਿਆਨ ’ਤੇ ਉਹਨਾਂ ਕੋਈ ਜਵਾਬ ਨਹੀੰ ਦਿੱਤਾ। ਜੱਟ ਮਹਾਂ ਸਭਾ ਦੇ ਆਗੂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਤਾਂ ਕੋਸਦੇ ਰਹੇ ਪਰ ਪੰਜਾਬ ਦੀਆਂ ਮੰਗਾਂ ਬਾਰੇ ਕੈਪਟਨ ਦੇ ਸਵਾਲ ’ਤੇ ਉਹ ਟਾਲਾ ਵੱਟ ਜਾਂਦੇ। ਇਸੇ ਤਰ੍ਹਾਂ ਅਨੂਪ ਸਿੰਘ ਗੋਦਾਰਾ ਨੂੰ ਜੱਟ ਮਹਾ ਸਭਾ ਯੂਥ ਵਿੰਗ ਦਾ ਮੀਤ ਪ੍ਰਧਾਨ, ਬਲਵੀਰ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਤੇ ਲਖਵਿੰਦਰ ਸਿੰਘ ਨੂੰ ਪਠਾਨਕੋਟ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦਕਿ ਰਸ਼ਮੀ ਚੌਧਰੀ ਨੂੰ ਜਨਰਲ ਸਕੱਤਰ ਤੇ ਖੁਸ਼ਬੂ ਚੌਧਰੀ ਨੂੰ ਸਕੱਤਰ ਲਗਾਇਆ ਗਿਆ ਹੈ।

Posted By: Jagjit Singh