ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਅੱਜ ਜਸਟਿਸ ਰਵੀ ਸ਼ੰਕਰ ਝਾਅ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 35ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ 'ਤੇ ਹਾਜ਼ਰ ਸਨ। ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਵਿਖੇ ਹੋਇਆ ਜਿਸ ਦੀ ਕਾਰਵਾਈ ਪੰਜਾਬ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕੀਤੀ।

ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਤਰੱਕੀ ਹੋਣ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕਿ੍ਸ਼ਨਾ ਮੁਰਾਰੀ ਦੀ ਨਿਯੁਕਤੀ ਸੁਪਰੀਮ ਕੋਰਟ 'ਚ ਹੋ ਗਈ ਸੀ ਜਿਸ ਉਪਰੰਤ ਇਸ ਅਸਾਮੀ ਨੂੰ ਭਰਨ ਲਈ ਭਾਰਤ ਦੇ ਰਾਸ਼ਟਰਪਤੀ ਨੇ ਜਸਟਿਸ ਰਵੀ ਸ਼ੰਕਰ ਝਾਅ ਦੀ ਬਤੌਰ ਚੀਫ ਜਸਟਿਸ, ਪੰਜਾਬ ਤੇ ਹਰਿਆਣਾ ਹਾਈ ਕੋਰਟ ਵਜੋਂ ਨਿਯੁਕਤੀ ਲਈ ਨੋਟੀਫਿਕੇਸ਼ਨ ਕੀਤਾ ਸੀ। ਮੌਜੂਦਾ ਸਮੇਂ ਜਸਟਿਸ ਰਾਜੀਵ ਸ਼ਰਮਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਵਜੋਂ ਕਾਰਜਭਾਰ ਸੰਭਾਲ ਰਹੇ ਸਨ।

ਜਸਟਿਸ ਝਾਅ ਮੌਜੂਦਾ ਨਿਯੁਕਤੀ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ 'ਚ ਤਾਇਨਾਤ ਸਨ ਇਸ ਸਾਲ ਜੂਨ ਮਹੀਨੇ ਤੋਂ ਐਕਟਿੰਗ ਚੀਫ ਜਸਟਿਸ ਵਜੋਂ ਕੰਮ ਕਰ ਰਹੇ ਸਨ। ਮੱਧ ਪ੍ਰਦੇਸ ਹਾਈ ਕੋਰਟ 'ਚ ਸਤੰਬਰ 1986 ਵਿਚ ਵਕਾਲਤ ਸ਼ੁਰੂ ਕਰਨ ਵਾਲੇ 58 ਸਾਲਾ ਜਸਟਿਸ ਝਾਅ ਨੇ 2007 'ਚ ਬਤੌਰ ਹਾਈਕੋਰਟ ਜੱਜ ਪਦਉੱਨਤ ਹੋਣ ਤੋਂ ਪਹਿਲਾਂ ਜਬਲਪੁਰ ਵਿਖੇ ਹਾਈ ਕੋਰਟ 'ਚ ਸਿਵਲ, ਦੀਵਾਨੀ ਤੇ ਸੰਵਿਧਾਨਕ ਕੇਸਾਂ ਦੀ ਵਕਾਲਤ ਕੀਤੀ।