ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਬੀਤੀ 25 ਜੂਨ ਨੂੰ ਸਾਂਝਾ ਅਧਿਆਪਕ ਮੋਰਚਾ ਨਾਲ ਕੀਤੀ ਮੀਟਿੰਗ ਦੇ ਫੈਸਲਿਆਂ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ ਸਮੇਤ ਹੋਰਨਾਂ ਮੰਗਾਂ 'ਤੇ ਸਹਿਮਤੀ ਦੇਣ ਦੇ ਬਾਵਜੂਦ ਪੂਰੀਆਂ ਨਾ ਕਰਨ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਰਾਹੀਂ ਤਨਖਾਹ/ਭੱਤਿਆਂ ਵਿੱਚ ਵਾਧੇ ਕਰਨ ਦੀ ਥਾਂ ਮੁਲਾਜ਼ਮਾਂ ‘ਤੇ ਵੱਡਾ ਆਰਥਿਕ ਹੱਲਾ ਵਿੱਡਣ ਖਿਲਾਫ ਅਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਖ਼ਿਲਾਫ਼ ਸਮੂਹਿਕ ਵਿਰੋਧ ਦਾ ਮੁਜ਼ਾਹਰਾ ਕਰਨ ਲਈ 18 ਜੁਲਾਈ ਨੂੰ 11 ਕੈਬਨਿਟ ਮੰਤਰੀਆਂ/ਕਾਂਗਰਸ ਆਗੂਆਂ ਦੇ ਘਰਾਂ ਅੱਗੇ ਐਲਾਨੇ ਵਿਸ਼ਾਲ ਰੋਸ ਧਰਨਿਆਂ ਲਈ ਤਿਆਰੀ ਤੇਜ਼ ਕਰ ਦਿੱਤੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸਾਂਝੇ ਅਧਿਆਪਕ ਮੋਰਚੇ ਦੇ ਸੂਬਾ ਕਨਵੀਨਰਾਂ ਬਲਜੀਤ ਸਿੰਘ ਸਲਾਣਾ, ਹਰਜੀਤ ਸਿੰਘ ਬਸੋਤਾ, ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਬਲਕਾਰ ਸਿੰਘ ਵਲਟੋਹਾ ਅਤੇ ਹਰਵਿੰਦਰ ਸਿੰਘ ਬਿਲਗਾ, ਸੂਬਾ ਕੋ ਕਨਵੀਨਰਾਂ ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋ, ਕੁਲਵਿੰਦਰ ਸਿੰਘ ਬਾਠ, ਪਰਮਵੀਰ ਸਿੰਘ, ਹਰਵੀਰ ਸਿੰਘ ਸਾਨੀਪੁਰ ਨੇ ਦੱਸਿਆ ਕਿ 18 ਜੁਲਾਈ ਨੂੰ ਸੰਗਰੂਰ ਵਿਖੇ ਵਿਜੇਇੰਦਰ ਸਿੰਗਲਾ, ਲੁਧਿਆਣਾ ਵਿਖੇ ਭਾਰਤ ਭੂਸ਼ਣ ਆਸੂ, ਰੂਪਨਗਰ ਵਿਖੇ ਰਾਣਾ, ਮੋਹਾਲੀ ਵਿਖੇ ਬਲਵੀਰ ਸਿੰਘ ਸਿੱਧੂ, ਅੰਮ੍ਰਿਤਸਰ ਵਿਖੇ ਓ.ਪੀ. ਸੋਨੀ, ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ, ਕਾਦੀਆਂ (ਗੁਰਦਾਸਪੁਰ) ਵਿਖੇ ਤ੍ਰਿਪਤ ਬਾਜਵਾ (ਕਾਦੀਆਂ), ਫਿਰੋਜਪੁਰ ਵਿਖੇ ਰਾਣਾ ਗੁਰਮੀਤ ਸੌਢੀ, ਹੁਸ਼ਿਆਰਪੁਰ ਵਿਖੇ ਸ਼ਾਮ ਸੁੰਦਰ ਅਰੌੜਾ, ਪਟਿਆਲਾ ਵਿਖੇ ਬ੍ਰਹਮ ਮਹਿੰਦਰਾ ਅਤੇ ਅਬੋਹਰ (ਫਾਜ਼ਿਲਕਾ) ਵਿਖੇ ਸੁਨੀਲ ਕੁਮਾਰ ਜਾਖੜ ਦੀ ਰਿਹਾਇਸ਼ ਅੱਗੇ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸਹਿਯੋਗ ਨਾਲ ਵਿਸ਼ਾਲ ਧਰਨੇ ਲਗਾਏ ਜਾਣਗੇ।

ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਸਮੂਹ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪਿਕਟਸ ‘ਚ ਰੈਗੂਲਰ ਕੰਪਿਊਟਰ ਫੈਕਲਟੀ, ਮੈਰੀਟੋਰੀਅਸ/ਆਦਰਸ਼ ਸਕੂਲਾਂ ਨੂੰ ਵਿਭਾਗ ਵਿੱਚ ਮਰਜ ਕਰਦਿਆਂ ਸਮੁੱਚਾ ਸਟਾਫ ਰੈਗੂਲਰ ਕਰਨਾ, ਸਾਲ 2011 ਦੌਰਾਨ ਤਨਖਾਹ ਅਨਾਮਲੀ ਕਮੇਟੀ ਵੱਲੋਂ 24 ਕੈਟਾਗਰੀਆਂ ਅਤੇ ਕੈਬਨਿਟ ਸਬ ਕਮੇਟੀ ਰਾਹੀਂ 239 ਕੈਟਾਗਰੀਆਂ ਨੂੰ ਮਿਲੇ ਵਾਧੇ ਬਰਕਰਾਰ ਰੱਖਦਿਆਂ, ਸਾਰਿਆਂ ‘ਤੇ ਇੱਕਸਮਾਨ ਉੱਚਤਮ ਗੁਣਾਂਕ (3.74) ਲਾਗੂ ਕਰਨਾ, ਪਰਖ ਸਮਾਂ ਐਕਟ ਰੱਦ ਕਰਕੇ 15-01-15 ਤੋਂ ਪੂਰੇ ਭੱਤੇ, ਸਲਾਨਾ ਵਾਧੇ, ਤਨਖਾਹਾਂ ਬਹਾਲ ਕਰਦਿਆਂ ਬਕਾਏ ਜਾਰੀ ਕਰਵਾਉਣ, ਸੰਗੀਤ ਟੀਚਰਜ਼ ਨਾਲ ਤਨਖਾਹ ਸਕੇਲਾਂ ‘ਚ ਹੋਈ ਧੱਕੇਸ਼ਾਹੀ ਦੂਰ ਕਰਨ, ਸਾਰੇ ਭੱਤੇ ਢਾਈ ਗੁਣਾ ਕੀਤੇ ਜਾਣਾ, ਡੀ.ਏ. ਦੀਆਂ ਪੈਂਡਿੰਗ ਕਿਸ਼ਤਾਂ ਤੇ ਬਕਾਏ ਜਾਰੀ ਕਰਨਾ, ਨਵੀ ਭਰਤੀ ਨੂੰ ਕੇਂਦਰੀ ਸਕੇਲਾਂ ਨਾਲ ਜੋੜਨ ਦਾ ਫੈਸਲਾ ਰੱਦ ਕਰਵਾਉਣਾ, ਪੂਰੀ ਪੈਨਸ਼ਨ ਲਈ ਸਮਾਂ 25 ਤੋਂ ਘਟਾ ਕੇ 20 ਸਾਲ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ ਅਤੇ ਸਾਰੇ ਕਾਡਰਾਂ ਲਈ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣਾ ਅਤੇ 2364 ਸਮੇਤ ਸਾਰੀਆਂ ਭਰਤੀਆਂ ਦੀ ਪ੍ਰਕਿਰਿਆ ਪੂਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਵਾਉਣਾ ਸ਼ਾਮਿਲ ਹੈ।

ਇਸ ਦੇ ਨਾਲ ਹੀ ਸਾਰੀਆਂ ਬਦਲੀਆਂ ਲਾਗੂ ਹੋਣ, ਘਰਾਂ ਤੋਂ ਸਟੇਸ਼ਨ ਦੂਰੀ ਦੀ ਵੇਟੇਜ਼ ਦੇਕੇ ਸਾਰੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਮਿਲੇ। ਕੇਂਦਰ ਸਰਕਾਰ ਦੀ ਨਿੱਜੀਕਰਨ ਪੱਖੀ ਸਿੱਖਿਆ ਨੀਤੀ-2020 ਦਾ ਪੰਜਾਬ ਵਿੱਚ ਅਮਲ ਬੰਦ ਹੋਵੇ। ਬੀ.ਪੀ.ਈ.ਓ. ਦਫਤਰਾਂ ਵਿੱਚ ਸਿਫਟ ਕੀਤੇ 228 ਪੀ.ਟੀ.ਆਈ ਮਿਡਲ ਸਕੂਲ ‘ਚ ਵਾਪਸ ਭੇਜੇ ਜਾਣ। ਕਰੋਨਾ ਲਾਗ ਤੋਂ ਬਚਾਅ ਪ੍ਰਬੰਧਾਂ ਤਹਿਤ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਫੌਰੀ ਖੋਲੇ ਜਾਣ। ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਦੇ ਰੋਕੇ ਰੈਗੂਲਰ ਪੱਤਰ ਜਾਰੀ ਹੋਣ। 180 ਈਟੀਟੀ ਟੈੱਟ ਪਾਸ ਨੂੰ ਜਬਰੀ ਨਵੇਂ ਨਿਯੁਕਤੀ ਪੱਤਰ ਦੇਣ ਦੀ ਥਾਂ ਮੁੱਢਲੇ ਭਰਤੀ ਇਸ਼ਤਿਹਾਰ ਦੇ ਨਿਯਮ ਲਾਗੂ ਹੋਣ। ਸਾਰੇ ਕਾਡਰਾਂ ਦੀਆਂ ਪ੍ਰਮੋਸ਼ਨਾਂ ਲਈ 75% ਕੋਟਾ ਬਹਾਲ ਕਰਦਿਆਂ ਪੈਡਿੰਗ ਤਰੱਕੀਆਂ ਤੁਰੰਤ ਹੋਣ। ਸੀਨੀਆਰਤਾ ਸੂਚੀਆਂ ਵਿੱਚ ਸ਼ਾਮਿਲ ਹੋਣੋ ਰਹਿੰਦੇ ਨਾਮ ਸ਼ਾਮਿਲ ਕਰਕੇ, ਸੂਚੀਆਂ ਫੌਰੀ ਅਪਡੇਟ ਹੋਣ। ਕੋਵਿਡ ਤੋਂ ਗ੍ਰਸਤ ਅਧਿਆਪਕਾਂ ਨੂੰ ਤਨਖਾਹ ਸਹਿਤ ਛੁੱਟੀ ਅਤੇ 50 ਲੱਖ ਦੀ ਐਕਸ -ਗਰੇਸ਼ੀਆ ਮਿਲਣੀ ਯਕੀਨੀ ਹੋਵੇ।

Posted By: Tejinder Thind