ਚੰਡੀਗੜ੍ਹ : ਸਾਬਕਾ ਫ਼ੌਜ ਮੁਖੀ ਜਨਰਲ ਜੇਜੇ ਸਿੰਘ ਇਕ ਵਾਰੀ ਫਿਰ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ 'ਚ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ 47 ਸਾਲ ਭਾਰਤੀ ਫ਼ੌਜ ਵਿਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ। ਹੁਣ ਉਹ ਰਾਜਨੀਤੀ 'ਚ ਆ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸੇ ਉਦੇਸ਼ ਨਾਲ ਉਨ੍ਹਾਂ ਪਟਿਆਲਾ ਤੋਂ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ ਪਰ ਅੰਦਰਖਾਤੇ ਅਕਾਲੀ ਦਲ ਅਤੇ ਕਾਂਗਰਸ ਦੀ ਜੁਗਲਬੰਦੀ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਜਨਰਲ ਜੇਜੇ ਸਿੰਘ (retd) ਹੁਣ SAD (ਟਕਸਾਲੀ) ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਆਪਣਾ ਨੇਤਾ ਮੰਨਦੇ ਹਨ।

ਜਨਰਲ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਪਟਿਆਲਾ ਵਿਚ ਜਿੰਨੀਆਂ ਵੀ ਵੋਟਾਂ ਮਿਲੀਆਂ ਆਪਣੇ ਬਲਬੂਤੇ 'ਤੇ ਮਿਲੀਆਂ। ਸੁਖਬੀਰ ਬਾਦਲ ਨੂੰ ਦੱਸਣਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਵੋਟ ਕਿੱਥੇ ਗਏ ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਦੇਸ਼-ਸੇਵਾ ਕੀਤੀ ਹੈ। ਉਨ੍ਹਾਂ ਦੇ ਦਾਦਾ ਫ਼ੌਜ 'ਚ ਸਿਪਾਹੀ ਸਨ। ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਫ਼ੌਜ ਵਿਚ ਰਹੀਆਂ ਅਤੇ ਦੇਸ਼ ਸੇਵਾ ਕੀਤੀ। ਜਨਰਲ ਸਿੰਘ ਨੇ ਕਿਹਾ,'ਮੈਂ ਇਕ ਬੱਬਰ ਸ਼ੇਰ ਹਾਂ। ਰਾਜਨੀਤੀ ਵਿਚ ਮੇਰਾ ਮੁਕਾਬਲਾ ਉਸ ਨਾਲ ਹੈ ਜੋ ਮੇਰੇ ਤੋਂ ਵੱਧ ਸੇਵਾ ਭਾਵਨਾ ਰੱਖਦਾ ਹੋਵੇ।'

ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਸਿੰਘ ਨੇ ਕਿਹਾ ਕਿ ਸਰਕਾਰ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਲੋਕਾਂ ਵਿਚ ਡਰ ਹੈ। ਪੰਜਾਬ ਬਰਬਾਦੀ ਦੇ ਰਸਤੇ 'ਤੇ ਜਾ ਰਿਹਾ ਹੈ। ਨੌਜਵਾਨੀ ਨਸ਼ੇ ਵਿਚ ਡੁੱਬ ਰਹੀ ਹੈ। ਸੂਬੇ ਵਿਚ ਨਾ ਇੰਡਸਟਰੀ ਦਾ ਵਿਕਾਸ ਹੋ ਰਿਹਾ ਹੈ ਤੇ ਨਾ ਕਿਸਾਨਾਂ ਦੀ ਭਲਾਈ ਦਾ ਕੰਮ ਹੋ ਰਿਹਾ ਹੈ। ਐਜੂਕੇਸ਼ਨ ਸਿਸਟਮ ਪੂਰੀ ਤਰ੍ਹਾਂ ਨਾਲ ਫੇਲ੍ਹ ਹੈ। ਇਹ ਸਭ ਦੇਖ ਕੇ ਮੇਰਾ ਦਿਲ ਦੁਖਦਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਸਿਆਸੀ ਰੂਪ 'ਚ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸ ਲਈ ਰਾਜਨੀਤੀ ਵਿਚ ਆਉਣਾ ਜ਼ਰੂਰੀ ਹੈ।

Posted By: Seema Anand