ਜੇ ਐੱਸ ਕਲੇਰ, ਜ਼ੀਰਕਪੁਰ

ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਜ਼ੀਰਕਪੁਰ ਨੇ ਆਪਣੇ ਸਮਰਥਕਾਂ ਅਤੇ ਪਾਰਟੀ ਆਗੂਆਂ ਨਾਲ ਮਿਲਕੇ ਪੰਜਾਬ ਦੇ ਨਵੇਂ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੁੱਲਾਂ ਦਾ ਗੁੱਲਦਸਤਾ ਭੇਟ ਕਰਦੇ ਹੋਏ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਜ ਚਰਨਜੀਤ ਸਿੰਘ ਚੰਨੀ ਨੂੰ ਮਿਲਕੇ ਪੰਜਾਬ ਦਾ ਮੁੱਖਮੰਤਰੀ ਬਣਾਏ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਨੂੰ ਮੁੱਖਮੰਤਰੀ ਬਣਾਏ ਜਾਣ 'ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਾਰਟੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਚੰਨੀ ਦੀ ਅਗਵਾਈ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨੂੰ ਲਾਹਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹਿੱਸੇ ਹੀ ਆਉਂਦਾ ਹੈ ਕਿ ਜੋ ਗੁਰੂ ਸਾਹਿਬਾਨਾਂ ਦਾ ਫ਼ਲਸਫ਼ਾ ਹੈ ਕਿ ਜਾਤ ਨੂੰ ਬਰਾਬਰਤਾ ਹੋਵੇ। ਇਸ ਲਈ ਪੰਜਾਬ 'ਚ ਇਹ ਇੱਕ ਨਵੀਂ ਪਹਿਲ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਬਤੌਰ ਦਲਿਤ ਇਕ ਮੁੱਖ ਮੰਤਰੀ ਹੋਣਾ ਪੂਰੇ ਭਾਰਤ ਨੂੰ ਵੀ ਇਕ ਚੰਗਾ ਸੁਨੇਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਮਾਜ ਦੇ ਹੇਠਲੇ ਹਿੱਸੇ 'ਚ ਰੱਖੇ ਹੋਏ ਭਾਈਚਾਰਿਆਂ ਨੂੰ ਮੁੱਖ ਧਾਰਾ 'ਚ ਲੈ ਕੇ ਆਈਏ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਦਲਿਤ ਭਾਈਚਾਰੇ ਤੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਤਾਂ ਕੀਤੇ ਜਾ ਰਹੇ ਸਨ ਪਰ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਜੋ ਕਾਂਗਰਸ ਨੇ ਕਰ ਵਿਖਾਇਆ ਹੈ।