ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼ਰਾਬ ਕਾਂਡ ਨਾਲ ਸਰਕਾਰ ਦੇ ਅਕਸ ਨੂੰ ਢਾਅ ਲੱਗੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਮਾਮਲੇ 'ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਧਿਕਾਰੀਆਂ ਦੀ ਬਦਲੀ ਜਾਂ ਮੁਅੱਤਲੀ ਦਾ ਫੈਸਲਾ ਕਾਫ਼ੀ ਨਹੀਂ ਬਲਕਿ ਇੰਨ੍ਹਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕਰ ਕੇ ਮਿਸਾਲੀ ਸਜਾ ਦੇਣੀ ਚਾਹੀਦੀ ਹੈ ਤਾਂ ਜੋ ਮੁੜ ਕੋਈ ਅਧਿਕਾਰੀ ਆਪਣੇ ਫਰਜ਼ਾਂ ਦੀ ਅਣਗਹਿਲੀ ਨਾ ਕਰ ਸਕੇ।

ਜਾਖੜ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸ਼ਰਾਬ ਕਾਂਡ ਦੇ ਦੋਸ਼ੀਆਂ ਦੇ ਨਾਲ-ਨਾਲ ਇਸ ਮਨੁੱਖਤਾ ਵਿਰੋਧੀ ਕਾਰੇ 'ਚ ਸ਼ਾਮਲ ਸਾਜਿਸ਼ਕਰਤਾ, ਫਾਇਨਾਂਸਰ, ਸਰਪ੍ਰਸਤਾਂ ਤੇ ਆਪਣੀ ਡਿਊਟੀ 'ਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਭਵਿੱਖ 'ਚ ਕੋਈ ਅਧਿਕਾਰੀ ਫਰਜ਼ਾਂ ਦੀ ਪੂਰਤੀ ਕਰਨ ਦੀ ਕੋਤਾਹੀ ਨਾ ਕਰ ਸਕੇ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਣਨ ਨਾਲ ਸੂਬੇ 'ਚ 10 ਸਾਲ ਤੋਂ ਚੱਲ ਰਿਹਾ ਜੰਗਲ ਰਾਜ ਖ਼ਤਮ ਹੋ ਕੇ ਕਾਨੂੰਨ ਦਾ ਰਾਜ ਸਥਾਪਿਤ ਹੋਇਆ ਸੀ ਪਰ ਸ਼ਰਾਬ ਕਾਂਡ ਕਾਰਨ ਸਰਕਾਰ ਦੇ ਵੱਕਾਰ ਨੂੰ ਵੱਟਾ ਲੱਗਿਆ ਹੈ। ਦੋਸ਼ੀਆਂ ਦੇ ਨਾਲ-ਨਾਲ ਇਸ ਸਾਜਿਸ਼ ਵਿਚ ਸ਼ਾਮਿਲ ਲੋਕਾਂ, ਫਾਇਨੈਂਸਰਾਂ, ਸਰਪ੍ਰਸਤਾਂ ਨੂੰ ਵੀ ਬੇਨਕਾਬ ਕੀਤਾ ਜਾਵੇ ਤੇ ਉਨ੍ਹਾਂ ਖ਼ਿਲਾਫ਼ ਵੀ ਕਤਲ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਖਿਆ ਹੈ ਕਿ ਇਸ ਕਾਂਡ ਦੀ ਸਰਪ੍ਰਸਤੀ ਵਿਚ ਜੋ ਕੋਈ ਵੀ ਸ਼ਾਮਿਲ ਹੋਵੇਗਾ ਚਾਹੇ ਉਹ ਕੋਈ ਸਿਆਸਤਦਨ ਹੋਵੇ ਜਾਂ ਅਧਿਕਾਰੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਜਾਖੜ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸ਼ਰਾਬ ਕਾਂਡ ਦੀ ਮੰਦਭਾਗੀ ਘਟਨਾ ਪਿੱਛੇ ਸਬੰਧਤ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਜ਼ਿੰਮੇਵਾਰ ਹੈ। ਅਧਿਕਾਰੀ ਨੇ ਅਜਿਹਾ ਗਲਤ ਵਰਤਾਰਾ ਰੋਕਣ ਲਈ ਕੋਈ ਕਾਰਵਾਈ ਨਾ ਕਰ ਕੇ ਆਪਣੇ ਫਰਜ਼ਾਂ ਦੀ ਪੂਰਤੀ ਨਹੀਂ ਕੀਤੀ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।