ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਪੰਜਾਬ 'ਚ ਸ਼ਰਾਬਬੰਦੀ ਲਾਗੂ ਕਰਨ ਦੀ ਗੱਲ ਸ਼ੁਰੂ ਕਰ ਕੇ ਹਜ਼ਾਰਾਂ ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਨਾ ਕਰਨ। ਪਾਰਟੀ ਨੇ ਕਿਹਾ ਕਿ ਜਾਖੜ ਪਹਿਲਾਂ ਕਾਗਰਸੀਆਂ ਦੁਆਰਾ ਕੀਤੀ ਜਾ ਰਹੀ ਕਾਲਾਬਜ਼ਾਰੀ ਅਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਬੰਦ ਕਰਵਾਉਣ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ 5600 ਕਰੋੜ ਰੁਪਏ ਦਾ ਘਾਟਾ ਪਿਆ ਹੈ।ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੀਸੀਸੀ ਮੁਖੀ ਸ਼ਰਾਬਬੰਦੀ ਦੀ ਗੱਲ ਕਰ ਕੇ ਆਪਣੀ ਪਾਰਟੀ ਦੇ ਘਿਨੌਣੇ ਪਾਪਾਂ ਨੂੰ ਧੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਸਰਕਾਰ ਦੀ ਇੱਛਾ ਹੁੰਦੀ ਤਾਂ ਇਹ ਬੜੀ ਆਸਾਨੀ ਨਾਲ ਅਜਿਹਾ ਕਰ ਸਕਦੀ ਸੀ, ਕਿਉਂਕਿ ਇਸ ਕੋਲ ਵਿਧਾਨ ਸਭਾ ਅੰਦਰ ਭਾਰੀ ਬਹੁਮਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਅਜਿਹੇ ਧਿਆਨ ਭਟਕਾਊ ਹਥਕੰਡੇ ਇਸਤੇਮਾਲ ਕਰਨ ਦੀ ਬਜਾਏ ਜਾਖੜ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਰਫਿਊ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਆਗੂ ਨਾਜਾਇਜ਼ ਸ਼ਰਾਬ ਦੀ ਕਾਲਾਬਜ਼ਾਰੀ 'ਚ ਕਿਉਂ ਲੱਗੇ ਰਹੇ, ਜਦਕਿ ਉਨ੍ਹਾਂ ਨੇ ਲੋੜਵੰਦਾਂ ਨੂੰ ਬਿਲਕੁਲ ਵੀ ਰਾਸ਼ਨ ਨਹੀਂ ਦਿੱਤਾ।

Posted By: Susheel Khanna