ਜੇਐੱਨਐੱਨ, ਚੰਡੀਗੜ੍ਹ: 31 ਅਗਸਤ 1995 ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਸਿਵਲ ਸਕੱਤਰੇਤ ਭਵਨ ਲਾਗੇ ਬੰਬ ਧਮਾਕੇ ਵਿਚ ਹੱਤਿਆ ਕੀਤੀ ਗਈ ਸੀ। ਇਸ ਧਮਾਕੇ ਵਿਚ 17 ਹੋਰਨਾਂ ਨੂੰ ਵੀ ਜਾਨ ਤੋਂ ਹੱਥ ਧੋਣਾ ਪਿਆ ਸੀ। ਕੇਐੱਲਐੱਫ ਦੇ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੇ ਇਹ ਜਾਨਲੇਵਾ ਹਮਲਾ ਕੀਤਾ ਸੀ।

ਮਾਮਲੇ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜੇ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਤਾਰੇ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮੁਲਜ਼ਮ ਹਵਾਰਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਜ਼ਮਾਨਤ ਲਈ ਪਟੀਸ਼ਨ ਪਾਈ ਸੀ। ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਮਾਮਲੇ ਵਿਚ ਅਦਾਲਤ ਨੇ ਹਵਾਰੇ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ। ਹਵਾਰਾ ਇਸ ਕਤਲ ਕਾਂਡ ਸਬੰਧੀ ਤਿਹਾੜ ਜੇਲ੍ਹ ਦਿੱਲੀ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਾਣਕਾਰੀ ਮੁਤਾਬਕ ਹਵਾਰੇ ਨੇ 15 ਸਾਲਾ ਪੁਰਾਣੇ ਦੋ ਮਾਮਲਿਆਂ ਵਿਚ ਜ਼ਮਾਨਤ ਮੰਗੀ ਸੀ ਜਦਕਿ ਅਦਾਲਤ ਨੇ ਉਸ ਦੀਆਂ ਦਲੀਲਾਂ ਨਹੀਂ ਮੰਨੀਆਂ।

ਪੈਰੋਲ ਲੈਣ ਲਈ ਮੰਗ ਰਿਹਾ ਸੀ ਜ਼ਮਾਨਤ

ਹਵਾਰੇ ਨੇ ਤਿਹਾੜ ਜੇਲ੍ਹ ਤੋਂ ਪੈਰੋਲ ਲੈਣ ਲਈ ਇਨ੍ਹਾਂ ਮਾਮਲਿਆਂ ਵਿਚ ਜ਼ਮਾਨਤ ਮੰਗੀ ਸੀ। ਕਾਨੂੰਨਨ ਉਹ ਪੈਰੋਲ ਲੈ ਸਕਦਾ ਸੀ ਜਦਕਿ ਉਸ ਦੇ ਖ਼ਿਲਾਫ਼ ਦੋ ਕੇਸ ਹਾਲੇ ਵੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਚੱਲ ਰਹੇ ਹਨ, ਇਸ ਵਜ੍ਹਾ ਨਾਲ ਜ਼ਮਾਨਤ ਨਹੀਂ ਦਿੱਤੀ ਗਈ।

ਦਿੱਲੀ ਪੁਲਿਸ ਨੇ ਕੀਤਾ ਸੀ ਕਾਬੂ

ਬੇਅੰਤ ਕਤਲ ਕਾਂਡ ਮਗਰੋਂ ਹਵਾਰਾ ਸਾਥੀਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ ਪਰ 2004 ਵਿਚ ਉਹ ਸਾਥੀਆਂ ਦੇ ਨਾਲ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਕੱਢ ਕੇ ਫ਼ਰਾਰ ਹੋ ਗਿਆ ਸੀ। ਇਸ ਮਗਰੋਂ ਹਵਾਰਾ ਤੇ ਪਰਮਜੀਤ ਭਿਓਰੇ ਨੂੰ ਕੁਝ ਮਹੀਨਿਆਂ ਮਗਰੋਂ ਦਿੱਲੀ ਪੁਲਿਸ ਨੇ ਉਥੇ ਇਕ ਸਿਨਮੇ ਵਿਚ ਬੰਬ ਧਮਾਕਾ ਕਰਨ ਦੇ ਮਾਮਲੇ ਵਿਚ ਕਾਬੂ ਕਰ ਲਿਆ ਸੀ।