ਸਟੇਟ ਬਿਊਰੋ, ਚੰਡੀਗੜ੍ਹ : ਬਿਜਲੀ ਸਮਝੌਤੇ ਰੱਦ ਕਰਨ ਲਈ ਲਗਾਤਾਰ ਬਿਆਨ ਦੇ ਰਹੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦੋ ਟੁੱਕ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਮਝੌਤੇ ਰੱਦ ਕਰਨਾ ਮੁਮਕਿਨ ਨਹੀਂ ਹੈ। ਜੇਕਰ ਸਮਝੌਤੇ ਰੱਦ ਕੀਤੇ ਗਏ ਤਾਂ ਸਰਕਾਰ ਕਾਨੂੰਨੀ ਵਿਵਾਦ ਵਿਚ ਪੈ ਜਾਵੇਗੀ ਅਤੇ ਸਰਕਾਰ ਨੂੰ ਸਾਰਾ ਕੰਮਕਾਜ ਛੱਡ ਕੇ ਸੁਪਰੀਮ ਕੋਰਟ ਵਿਚ ਬੈਠ ਕੇ ਕਾਨੂੰਨੀ ਵਿਵਾਦ ਸੁਲਝਾਉਣਾ ਹੋਵੇਗਾ ਕਿਉਂਕਿ ਪਹਿਲਾਂ ਦੀਆਂ ਸਰਕਾਰਾਂ ਨੇ ਜਿੰਨੀਆਂ ਵੀ ਨਿੱਜੀ ਕੰਪਨੀਆਂ ਨਾਲ ਬਿਜਲੀ ਸਮਝੌਤੇ ਕੀਤੇ ਹਨ, ਉਹ ਸਭ ਕਾਨੂੰਨੀ ਰੂਪ ਨਾਲ ਕਾਫੀ ਮਜ਼ਬੂਤ ਹਨ। ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ਵਿਚ ਸਰਕਾਰ ਨੇ ਤਿੰਨਾਂ ਥਰਮਲ ਪਲਾਂਟ ਨੂੰ ਉਨ੍ਹਾਂ ਨਾਲ ਕੀਤੇ ਗਏ ਕਰਾਰ ਨੂੰ ਰੱਦ ਕਰਨ ਸਬੰਧੀ ਨੋਟਿਸ ਦਿੱਤਾ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਰਨਾਲ ਵਿਚ ਕਿਸਾਨਾਂ ’ਤੇ ਕੀਤਾ ਗਿਆ ਲਾਠੀਚਾਰਜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇਕਰ ਕਿਸਾਨਾਂ ਨੇ ਦਿੱਲੀ ਦੀ ਹੱਦ ਵਿਚ ਜਾ ਕੇ ਪ੍ਰਦਰਸ਼ਨ ਕਰਨਾ ਹੈ ਤਾਂ ਉਨ੍ਹਾਂ ਨੂੰ ਅਸੀਂ ਰੋਕ ਨਹੀਂ ਸਕਦੇ। ਇਕ ਵਾਰ ਪ੍ਰਦਰਸ਼ਨ ਦੇ ਦੌਰਾਨ ਮੈਨੂੰ ਵੀ ਦਿੱਲੀ ਵਿਚ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਘਰ ਦੇ ਸਾਹਮਣੇ ਗਿ੍ਰਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੇ।

Posted By: Jatinder Singh