ਜੈ ਸਿੰਘ ਛਿੱਬਰ, ਚੰਡੀਗਡ਼੍ਹ: ਆਮਦਨ ਕਰ ਵਿਭਾਗ ਵਿਚ ਸਹਾਇਕ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਆਈਆਰਐੱਸ ਅਫ਼ਸਰ ’ਤੇ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਪ੍ਰਾਪਤ ਕਰਨ ਦਾ ਮਾਮਲਾ ਉਜਾਗਰ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਵਾਸੀ ਪਵਨ ਕੁਮਾਰ ਨੇ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਨੂੰ ਆਈਆਰਐੱਸ ਨਰਿੰਦਰਪਾਲ ਸਿੰਘ ਵੱਲੋਂ ਬਣਾਏ ਗਏ ਜਾਅਲੀ ਐੱਸਸੀ ਸਰਟੀਫਿਕੇਟ ਦਾ ਭੇਤ ਖੋਲ੍ਹਦੇ ਹੋਏ ਸਰਟੀਫਿਕੇਟ ਰੱਦ ਕਰਨ ਅਤੇ ਅਧਿਕਾਰੀ ਖ਼ਿਲਾਫ਼ ਵਿਭਾਗੀ ਤੇ ਕਾਨੂੰਨੀ ਕਾਰਵਾਈ ਕਰਨ ਲਈ ਸ਼ਿਕਾਇਤ ਕੀਤੀ ਹੈ।

ਵਿਭਾਗ ਦੇ ਡਾਇਰੈਕਟਰ ਟੀਕੇ ਗੋਇਲ ਨੇ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਹੀ ਹੈ। ਸਭ ਤੋਂ ਅਹਿਮ ਗੱਲ ਹੈ ਕਿ ਪਿਛਲੇ ਮਹੀਨੇ ਵਿਭਾਗ ਦੇ ਰਿਜ਼ਰਵੇਸ਼ਨ ਸੈੱਲ ਨੇ ਸਿੱਖ ਰਾਜਪੂਤ ਨਾਲ ਸਬੰਧਤ ਇਕ ਦਰਜਨ ਵਿਅਕਤੀਆਂ ਦੇ ਐੱਸਸੀ ਸਰਟੀਫਿਕੇਟ ਰੱਦ ਕਰਨ ਬਾਰੇ ਇਕ ਅਖ਼ਬਾਰ ਵਿਚ ਜਨਤਕ ਨੋਟਿਸ ਜਾਰੀ ਕੀਤਾ ਸੀ।

ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਪਟਿਆਲਾ ਨੇ ਪੱਤਰ ਨੰਬਰ 1/361775/ 2022 ਮਿਤੀ 18 ਮਈ 2022 ਨੂੰ ਆਪਣੀ ਜਾਂਚ ਰਿਪੋਰਟ ਡਾਇਰੈਕਟਰ ਨੂੰ ਭੇਜੀ ਹੈ। ਜ਼ਿਲ੍ਹਾ ਅਧਿਕਾਰੀ ਨੇ ਡਾਇਰੈਕਟਰ ਨੂੰ ਭੇਜੀ ਰਿਪੋਰਟ ਵਿਚ ਕਿਹਾ ਹੈ ਕਿ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੇ ਪੱਤਰ ਨੰਬਰ 253 ਮਿਤੀ 16 ਮਈ 2022 ਨੂੰ ਆਪਣੀ ਪਡ਼ਤਾਲ ਵਿਚ ਖ਼ੁਲਾਸਾ ਕੀਤਾ ਹੈ ਕਿ ਨਰਿੰਦਰਪਾਲ ਸਿੰਘ ਦੀ ਜਾਤੀ ਰਾਜਪੂਤ (ਰਾਠੌਰ) ਅਤੇ ਸਕੂਲ ਵਿਚ ਜਾਤੀ ਜਨਰਲ ਲਿਖੀ ਹੋਈ ਹੈ।

ਜ਼ਿਲ੍ਹਾ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ ਨੁਕਤਾ ਨੰਬਰ 2 ਵਿਚ ਲਿਖਿਆ ਹੈ ਕਿ ਨਰਿੰਦਰਪਾਲ ਸਿੰਘ ਨੇ ਆਪਣੀ ਜਾਤੀ ਸਿਰਕੀਬੰਦ ਦੱਸੀ ਹੈ। ਉਸ ਨੇ ਆਪਣੇ ਬਿਆਨਾਂ ਵਿਚ ਬਾਲ ਅਵਸਥਾ ਦੌਰਾਨ ਹੀ ਸਮਰੱਥ ਅਧਿਕਾਰੀ ਤੋਂ ਐੱਸਸੀ ਸਰਟੀਫਿਕੇਟ ਲੈਣ, ਇੰਡੀਅਨ ਇੰਸਟੀਚਿਊਟ ਆਫ ਤਕਨਾਲੌਜੀ ਦਿੱਲੀ ਤੋਂ ਉਚੇਰੀ ਪਡ਼੍ਹਾਈ ਕਰਨ ਅਤੇ ਪਹਿਲੀ ਨੌਕਰੀ ਬਤੌਰ ਆਬਕਾਰੀ ਇੰਸਪੈਕਟਰ ਲੈਣ ਦੀ ਗੱਲ ਕਹੀ ਹੈ। ਨਰਿੰਦਰਪਾਲ ਸਿੰਘ ਨੇ ਜਾਂਚ ਪਡ਼ਤਾਲ ਦੌਰਾਨ ਆਪਣੀ ਮੌਜੂਦਾ ਪੋਸਟ ਸਹਾਇਕ ਕਮਿਸ਼ਨਰ ਆਮਦਨ ਕਰ ਵਿਭਾਗ ਵਿਚ ਯੂਪੀਐੱਸਸੀ ਦਾ ਸਿਵਲ ਇਮਤਿਹਾਨ ਪਾਸ ਕਰਨ ਅਤੇ ਐੱਸਸੀ ਸਰਟੀਫਿਕੇਟ ਦੀ ਵਰਤੋਂ ਕਰਨ ਦੀ ਗੱਲ ਕਬੂਲ ਕੀਤੀ ਹੈ। ਨਰਿੰਦਰਪਾਲ ਸਿੰਘ ਨੇ ਸਿਰਕੀਬੰਦ ਜਾਤੀ (ਅਨੁਸੂਚਿਤ ਜਾਤੀ) ਹੋਣ ਦੀ ਗੱਲ ਕਹੀ ਹੈ।

ਦੂਜੇ ਪਾਸੇ ਸ਼ਿਕਾਇਤਕਰਤਾ ਨੇ ਡਾਇਰੈਕਟਰ ਨੂੰ ਦਿੱਤੀ ਸ਼ਿਕਾਇਤ ਵਿਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਸੂਚਨਾ ਅਧਿਕਾਰ ਐਕਟ ਤਹਿਤ ਸਬੰਧਤ ਵਿਅਕਤੀ ਦੇ ਪਿਤਾ ਦਾ ਸਕੂਲ ਰਿਕਾਰਡ ਪ੍ਰਾਪਤ ਕੀਤਾ ਹੈ ਜਿਸ ਵਿਚ ਦਾਖ਼ਲਾ ਨੰਬਰ 10 ਮਿਤੀ 6 ਨਵੰਬਰ 1970 ਨੂੰ ਉਸ ਦੇ ਪਿਤਾ ਦਰਸ਼ਨ ਸਿੰਘ ਦੀ ਜਾਤੀ ਰਾਜਪੂਤ ਰਠੌਰ ਦਰਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਨੰਬਰ 1/34/2016-32/174 ਮਿਤੀ 14-10-16 ਨੂੰ ਸਿੱਖ ਰਾਜਪੂਤ ਜਾਤੀ ਨੂੰ ਪੱਛਡ਼ੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਹੋਇਆ ਹੈ ਅਤੇ ਇਹ ਬੀਸੀ ਦੀ ਲਡ਼ੀ ਨੰਬਰ 75 ’ਤੇ ਦਰਜ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਕਤ ਵਿਅਕਤੀ ਐੱਸਸੀ ਰਾਖਵਾਂਕਰਨ ਦਾ ਲਾਭ ਨਹੀਂ ਲੈ ਸਕਦਾ। ਸ਼ਿਕਾਇਤਕਰਤਾ ਨੇ ਕਿਹਾ ਕਿ ਯੂਪੀਐੱਸਸੀ ਨਤੀਜਾ 2017-18 ਅਨੁਸਾਰ ਨਰਿੰਦਰਪਾਲ ਸਿੰਘ ਦੀ ਚੋਣ ਐੱਸਸੀ ਕੈਟੇਗਰੀ ’ਚ ਹੋਈ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਅਧਿਕਾਰੀ ਨੇ ਗਲਤ ਐੱਸਸੀ ਸਰਟੀਫਿਕੇਟ ਦੀ ਵਰਤੋਂ ਕੀਤੀ ਹੈ।

ਝੂਠੀਆਂ ਦਰਖ਼ਾਸਤਾਂ ਦੇ ਕੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹੈ : ਨਰਿੰਦਰਪਾਲ ਸਿੰਘ

ਉਧਰ ਆਈਆਰਐੱਸ ਅਧਿਕਾਰੀ ਨਰਿੰਦਰਪਾਲ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਖ਼ੁਦ ਨੂੰ ਐੱਸਸੀ ਭਾਈਚਾਰੇ ਨਾਲ ਸਬੰਧਤ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੰਸ਼ ਰਾਜਪੂਤਾਂ ਨਾਲ ਸਬੰਧਤ ਹੈ ਤੇ ਉਨ੍ਹਾਂ ਦੇ ਬਜ਼ੁਰਗ ਵਾਣ ਵੱਟਣ ਅਤੇ ਸਿਰਕੀਬੰਦ ਦਾ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਝੂਠੀਆਂ ਦਰਖਾਸਤਾਂ ਦੇ ਕੇ ਮਾਹੌਲ ਖਰਾਬ ਕਰਨ ਅਤੇ ਉਨ੍ਹਾਂ ਨੂੰ ਬਲੈਕਮੇਲ ਤੇ ਪਰੇਸ਼ਾਨ ਕਰਕੇ ਪੈਸੇ ਲੈਣਾ ਚਾਹੁੰਦੇ ਹਨ।

Posted By: Sandip Kaur