ਜੇਐੱਨਐੱਨ, ਚੰਡੀਗੜ੍ਹ : ਯੂਟੀ ਐੱਸਐੱਸਪੀ ਦੇ ਅਹੁਦੇ ਲਈ 2009 ਬੈਚ ਦੇ ਆਈਪੀਐੱਸ ਕੁਲਦੀਪ ਸਿੰਘ ਚਾਹਲ ਦੇ ਨਾਂ 'ਤੇ ਮੋਹਰ ਲੱਗ ਗਈ ਹੈ, ਉੱਥੇ ਹੀ ਯੂਟੀ ਐੱਸਐੱਸਪੀ ਦੇ ਨਾਂ ਲਈ ਭੇਜੇ ਪੰਜਾਬ ਕੇਡਰ ਦੇ 2011 ਬੈਚ ਦੇ ਆਈਪੀਐੱਸ ਵਿਵੇਕਸ਼ੀਲ ਸੋਨੀ ਦਾ ਨਾਂ ਹੋਮ ਮਨਿਸਟਰੀ ਡਿਪਾਰਟਮੈਂਟ ਵੱਲੋਂ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੈਨਲ 'ਚ 2010 ਬੈਚ ਦੇ ਆਈਪੀਐੱਸ ਕੇਤਨ ਪਾਟਿਲ ਦਾ ਨਾਂ ਵੀ ਸ਼ਾਮਲ ਸੀ।

ਤਿੰਨਾਂ ਆਈਪੀਐੱਸ ਅਧਿਕਾਰੀਆਂ 'ਚੋਂ ਚੰਡੀਗੜ੍ਹ ਦੇ ਪ੍ਰਸ਼ਾਸਨ ਬੀਪੀ ਸਿੰਘ ਬਦਨੌਰ ਨੇ ਆਈਪੀਐੱਸ ਵਿਵੇਕਸ਼ੀਲ ਸੋਨੀ ਦਾ ਨਾਂ ਪ੍ਰਸ਼ਾਸਨਿਕ ਲੈਵਲ 'ਤੇ ਫਾਈਨਲ ਕਰ ਕੇ ਹੋਮ ਮਨਿਸਟਰੀ ਡਿਪਾਰਟਮੈਂਟ ਨੂੰ ਭੇਜਿਆ ਸੀ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਐੱਸਐੱਸਪੀ ਦੇ ਪੈਨਲ ਲਈ ਜਿਹੜੇ ਨਾਂ ਭੇਜੇ ਗਏ ਸਨ, ਉਨ੍ਹਾਂ ਵਿਚ ਕੁਲਦੀਪ ਚਾਹਲ ਸਭ ਤੋਂ ਸੀਨੀਅਰ ਸਨ। ਕੁਲਦੀਪ ਚਾਹਲ ਸਭ ਤੋਂ ਸੀਨੀਅਰ 2009 ਬੈਚ ਦੇ, ਕੇਤਨ ਪਾਟਿਲ 2010 ਬੈਚ ਦੇ ਅਤੇ ਵਿਵੇਕਸ਼ੀਲ ਸੋਨੀ 2011 ਬੈਚ ਦੇ ਆਈਪੀਐੱਸ ਅਧਿਕਾਰੀ ਹਨ।

ਚੰਡੀਗੜ੍ਹ ਪੁਲਿਸ ਨਾਲ ਪੁਰਾਣਾ ਨਾਤਾ

ਕੁਲਦੀਪ ਸਿੰਘ ਚਾਹਲ ਨੇ ਬਤੌਰ ਏਐੱਸਆਈ ਚੰਡੀਗੜ੍ਹ ਪੁਲਿਸ ਜੁਆਇੰਨ ਕੀਤੀ ਸੀ। ਬਾਅਦ ਵਿਚ ਉਨ੍ਹਾਂ ਨੌਕਰੀ ਛੱਡ ਕੇ ਆਈਪੀਐੱਸ ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਦੋ ਸਾਲ ਬਾਅਦ ਹੀ ਸਾਲ 2009 'ਚ ਉਨ੍ਹਾਂ ਪ੍ਰੀਖਿਆ ਪਾਸ ਕੀਤੀ ਤੇ ਉਨ੍ਹਾਂ ਦੀ ਤਾਇਨਾਤੀ ਪੰਜਾਬ ਕੇਡਰ 'ਚ ਹੋਈ। ਕੁਲਦੀਪ ਸਿੰਘ ਪੰਜਾਬ ਦੇ ਗੈਂਗਸਟਰ ਜੈਪਾਲ ਤੇ ਸ਼ੇਰਾ ਕੁੱਬਨ ਦੇ ਐਨਕਾਊਂਟਰ ਨੂੰ ਲੈ ਕੇ ਚਰਚਾ 'ਚ ਆਏ ਸਨ।

22 ਅਗਸਤ ਨੂੰ ਖ਼ਤਮ ਹੋ ਜਾਵੇਗਾ ਨੀਲਾਂਬਰੀ ਜਗਦਲੇ ਦਾ ਕਾਰਜਕਾਲ

ਉੱਥੇ ਹੀ ਸ਼ਹਿਰ ਦੀ ਪਹਿਲੀ ਮਹਿਲਾ ਐੱਸਐੱਸਪੀ ਨੀਲਾਂਬਰੀ ਜਗਦਲੇ ਦਾ ਕਾਰਜਕਾਲ 22 ਅਗਸਤ ਨੂੰ ਖ਼ਤਮ ਹੋ ਜਾਵੇਗਾ। ਨੀਲਾਂਬਰੀ ਨੇ ਤਿੰਨ ਸਾਲ ਪਹਿਲਾਂ ਯੂਟੀ ਪੁਲਿਸ ਵਿਭਾਗ 'ਚ ਪਹਿਲੀ ਮਹਿਲਾ ਐੱਸਐੱਸਪੀ ਦੇ ਤੌਰ 'ਤੇ ਜੁਆਇੰਨ ਕੀਤਾ ਸੀ। ਉਸ ਵੇਲੇ ਵੀ ਪੰਜਾਬ ਸਰਕਾਰ ਵੱਲੋਂ ਭੇਜੇ ਇਸ ਪੈਨਲ 'ਚ ਆਈਪੀਐੱਸ ਨੀਲਾਂਬਰੀ ਨਾਲ ਦੋਵਾਂ ਸੀਨੀਅਰ ਆਈਪੀਐੱਸ ਦੇ ਨਾਂ ਸ਼ਾਮਲ ਸਨ। ਬਾਅਦ ਵਿਚ ਪਹਿਲੀ ਮਹਿਲਾ ਐੱਸਐੱਸਪੀ ਦੇ ਤੌਰ 'ਤੇ ਇਨ੍ਹਾਂ ਦੇ ਹੀ ਨਾਂ 'ਤੇ ਮੋਹਰ ਲੱਗੀ ਸੀ।

Posted By: Seema Anand