ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ : ਆਇਓਡੀਨ ਡੈਫੀਸੀਐਂਸੀ ਡਿਸਆਰਡਰ ਖਾਣ ਵਾਲੇ ਨਮਕ 'ਚ ਆਇਓਡੀਨ ਦੀ ਘਾਟ ਕਾਰਨ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਿਮਲ ਸ਼ਰਮਾ, ਪਿੰ੍ਸੀਪਲ-ਕਮ-ਸੰਯੁਕਤ ਨਿਰਦੇਸ਼ਕ ਗਡਵਾਸੂ ਨੇ ਦੱਸਿਆ ਕਿ ਆਇਓਡੀਨ ਮਨੁੱਖੀ ਸਰੀਰ ਲਈ ਜ਼ਰੂਰੀ ਤੱਤ ਹੈ ਜਿਸ ਦੀ ਸਰੀਰਕ ਵਿਕਾਸ ਲਈ ਬਹੁਤ ਲੋੜ ਹੁੰਦੀ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਸਾਡੇ ਗਲੇ 'ਚ ਥਾਇਰਾਇਡ ਨਾਮ ਦੀ ਇਕ ਗਲੈਂਡ ਹੁੰਦੀ ਹੈ ਜੋ ਕਿ ਇਕ ਖਾਸ ਤੱਤ ਬਣਾਉਂਦੀ ਹੈ ਜੋ ਕਿ ਸਾਡੇ ਸਰੀਰ ਦੀ ਚੰਗੀ ਤਰ੍ਹਾਂ ਕੰਮ ਕਰਨ 'ਚ ਮਦਦ ਕਰਦਾ ਹੈ ਅਤੇ ਹੱਡੀਆਂ ਅਤੇ ਨਸਾਂ ਦਾ ਵਿਕਾਸ ਕਰਦਾ ਹੈ ਅਤੇ ਆਇਓਡੀਨ ਇਕ ਲੋੜੀਂਦਾ ਅਜਿਹਾ ਖਾਸ ਤੱਤ ਹੈ ਜੋ ਥਾਇਰਾਇਡ ਗਲੈਂਡ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਲਈ ਚਾਹੀਦਾ ਹੈ ਅਤੇ ਜਿਸ ਦੀ ਜ਼ਰੂਰਤ ਆਇਓਡੀਨ ਯੁਕਤ ਨਮਕ ਨੂੰ ਖਾਣ ਨਾਲ ਪੂਰੀ ਹੋ ਜਾਂਦੀ ਹੈ। ਡਾ. ਬਿਮਲ ਸ਼ਰਮਾਂ ਨੇ ਕਿਹਾ ਕਿ ਆਇਓਡੀਨ ਦੀ ਘਾਟ ਕਾਰਨ ਦਿਮਾਗੀ ਅਤੇ ਸਰੀਰਕ ਵਿਕਾਸ ਘੱਟ ਹੁੰਦਾ ਹੈ ਅਤੇ ਇਸ ਨਾਲ ਗਿੱਲੜ, ਮੰਦਬੁੱਧੀ, ਭੈਂਗਾਪਨ, ਬੋਲਾਪਨ ਅਤੇ ਗੂੰਗਾਪਨ ਵਰਗੀਆਂ ਨਾਮੁਰਾਦ ਬਿਮਾਰੀਆਂ ਹੋ ਜਾਂਦੀਆਂ ਹਨ। ਆਇਓਡੀਨ ਦੀ ਘਾਟ ਕਾਰਨ ਦਿਲ ਦੀ ਧੜਕਣ 'ਚ ਤਬਦੀਲੀਆਂ, ਥਕਾਵਟ, ਕਮਜ਼ੋਰੀ, ਵਾਲਾ ਦਾ ਝੜਨਾ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡਾ. ਸ਼ਰਮਾ ਨੇ ਦੱਸਿਆ ਕਿ ਆਇਓਡੀਨ ਯੁਕਤ ਨਮਕ ਨੂੰ ਲੱਸੀ ਜਾਂ ਜੂਸ 'ਚ ਮਿਲਾ ਕੇ ਜਾਂ ਸਲਾਦ ਉਪਰ ਿਛੜਕ ਕੇ ਖਾਣਾ ਚਾਹੀਦਾ ਹੈ। ਲੂਣ ਨੂੰ ਹਮੇਸ਼ਾਂ ਬੰਦ ਡੱਬੇ 'ਚ ਪਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਖੁੱਲ੍ਹਾ ਰੱਖਣ ਨਾਲ ਲੂਣ 'ਚ ਆਇਓਡੀਨ ਖ਼ਤਮ ਹੋ ਜਾਂਦੀ ਹੈ। ਡਾ. ਬਿਮਲ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਇਓਡੀਨ ਯੁਕਤ ਵਿਟਾਮਿਨ, ਦੁੱਧ, ਮੱਖਣ, ਮੱਛੀ ਅਤੇ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਇਨਾਂ੍ਹ ਨਾਮੁਰਾਦ ਬਿਮਾਰੀਆਂ ਤੋਂ ਬਚਿਆ ਜਾ ਸਕੇ।