ਜੇ ਐੱਸ ਕਲੇਰ, ਜ਼ੀਰਕਪੁਰ : ਸਥਾਨਕ ਢਕੋਲੀ ਖੇਤਰ 'ਚ ਕੇ ਏਰੀਆ ਲਾਈਟ ਪੁਆਇੰਟ ਤੋਂ ਢਕੋਲੀ ਵੱਲ ਜਾਣ ਵਾਲੀ ਸੜਕ 'ਤੇ ਸਥਿਤ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਬ ਅਤੇ ਹਰਮੀਟੇਜ ਪਾਰਕ ਦੇ ਸਾਹਮਣੇ ਸੜਕ ਵਿਚਕਾਰ ਡੂੰਘਾ ਟੋਇਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਮਾਮਲੇ 'ਚ ਕਾਰਵਾਈ ਕਰਨ ਵਾਲੀ ਨਗਰ ਕੌਂਸਲ ਦੇ ਅਧਿਕਾਰੀ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ। ਜੁਆਇਟ ਐਕਸ਼ਨ ਕਮੇਟੀ (ਜੈਕ) ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਬਾਉਲੀ ਸਾਹਬ ਵਿੱਚ ਰੋਜਾਨਾ ਭਾਰੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ। ਇਸ ਤੋਂ ਇਲਾਵਾ ਹਰਮੀਟੇਜ ਪਾਰਕ 'ਚ ਵੀ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਸੜਕ ਵਿਚਕਾਰ ਡੂੰਘਾ ਟੋਆ ਲੋਕਾਂ ਦੇ ਲਈ ਪੇ੍ਸ਼ਾਨੀ ਦਾ ਕਾਰਨ ਬਣ ਰਿਹਾ ਹੈ। ਲਾਕਡਾਊਨ ਕਾਰਨ ਸ਼ਾਮ ਵੇਲੇ ਅਕਸਰ ਇਥੇ ਲਾਈਟਾਂ ਬੰਦ ਹੋ ਜਾਂਦੀਆਂ ਹਨ। ਜਿਸ ਨਾਲ ਵਾਹਨ ਚਾਲਕ ਹਾਦਸਿਆਂ ਦਾ ਸ਼ਕਿਾਰ ਹੋ ਰਹੇ ਹਨ। ਸੜਕ ਟੁੱਟਣ ਕਾਰਨ ਇਥੇ ਕੋਈ ਨਿਸ਼ਾਨ ਆਦਿ ਵੀ ਨਹੀਂ ਲਗਾਇਆ ਗਿਆ ਹੈ ਜਿਸ ਤੋਂ ਵਾਹਨ ਚਾਲਕ ਬਚ ਦੇ ਨਿਕਲ ਸਕਣ।

ਚੌਧਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਜਦੋਂ ਉਨ੍ਹਾਂ ਨਗਰ ਕੌਂਸਲ ਦੇ ਫੀਲਡ ਸਟਾਫ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸੜਕ ਮੰਡੀ ਬੋਰਡ ਅਧੀਨ ਆਉਂਦੀ ਹੈ। ਜਦੋਂ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੁੜ ਤੋਂ ਗੇਂਦ ਨਗਰ ਕੌਂਸਲ ਦੇ ਪਾਲੇ 'ਚ ਸੁੱਟਦੇ ਹੋਏ ਕਿਹਾ ਕਿ ਇਹ ਸੜਕ ਕੌਂਸਲ ਅਧੀਨ ਆਉਂਦੀ ਹੈ। ਜੈਕ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਸਿਰਫ ਆਮ ਲੋਕਾਂ ਤੋਂ ਟੈਕਸਾਂ ਦੇ ਨਾਂ 'ਤੇ ਉਗਰਾਹੀ ਕਰ ਰਹੇ ਹਨ। ਇਥੇ ਲਾਕਡਾਊਨ ਦੇ ਬਾਵਜੂਦ ਫਰਜ਼ੀ ਨਕਸ਼ੇ ਪਾਸ ਹੋ ਰਹੇ ਹਨ। ਪੰ੍ਤੂ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਦੇ ਹੱਲ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਇਸ ਸਮੱਸਿਆ ਨੂੰ ਲੈਕੇ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਉਨ੍ਹਾਂ ਛੇਤੀ ਹੀ ਕਾਰਵਾਈ ਦਾ ਭਰੋਸਾ ਦਿੱਤਾ ਪੰ੍ਤੂ ਹਾਲੇ ਤਕ ਸੜਕ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ।