ਜੇ ਐੱਸ ਕਲੇਰ, ਜ਼ੀਰਕਪੁਰ : ਐਤਵਾਰ ਰਾਤ ਨੂੰ ਇਕ ਮਜ਼ਦੂਰ ਸ਼ਰਾਬ ਦੇ ਨਸ਼ੇ 'ਚ ਆਪਣੇ ਹੀ ਸਾਥੀ ਦਾ ਕਤਲ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਲਾਸ਼ ਸੋਮਵਾਰ ਨੂੰ ਮਿਲੀ। ਜਿਸ ਕਾਰਨ ਖ਼ੇਤਰ 'ਚ ਸਨਸਨੀ ਫੈਲ ਗਈ।

ਜਾਣਕਾਰੀ ਦਿੰਦਿਆਂ ਬਲਟਾਣਾ ਚੌਕੀ ਇੰਚਾਰਜ ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰਾਧਾ ਸੁਆਮੀ ਸਤਿਸੰਗ ਭਵਨ ਬਲਟਾਣਾ ਨੇੜੇ ਇਕ ਨਿਰਮਾਣ ਅਧੀਨ ਇਮਾਰਤ 'ਚ ਦੋ ਮਜ਼ਦੂਰ ਅਮਿਤ (20) ਪੁੱਤਰ ਬਿ੍ਜ ਪਾਲ ਵਾਸੀ ਪਿੰਡ ਬਿਜਨਪੁਰ ਥਾਣਾ ਆਦਮਪੁਰ ਜ਼ਿਲ੍ਹਾ ਅਮਰੋਹਾ ਯੂਪੀ ਅਤੇ ਲਖਨ ਪੁੱਤਰ ਉਮੇਸ਼ ਵਾਸੀ ਪਿੰਡ ਹੈਬਤਪੁਰ ਥਾਣਾ ਬਿਲਸੀ ਜ਼ਿਲ੍ਹਾ ਬਦਾਊਨ ਯੂਪੀ ਜੋ ਕਿ ਨੇੜਲੀਆਂ ਝੁੱਗੀਆਂ 'ਚ ਰਹਿੰਦੇ ਸਨ, ਨੇ ਝੁੱਗੀਆਂ ਦੇ ਨੇੜੇ ਉਸਾਰੀ ਅਧੀਨ ਇਮਾਰਤ 'ਚ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਅਤੇ ਇਕ-ਦੂਜੇ ਦੀ ਕੁੱਟਮਾਰ ਕਰਦੇ ਹੋਏ ਲਖਨ ਨੇ ਅਮਿਤ ਦੀ ਗਰਦਨ 'ਚ ਪੈਨ ਮਾਰ ਦਿੱਤਾ। ਜਿਸ ਕਾਰਨ ਅਮਿਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਲਖਨ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਭੇਜ ਦਿੱਤਾ ਹੈ। ਮਿ੍ਤਕ ਅਮਿਤ ਦੇ ਭਰਾ ਰਾਹੁਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ 4 ਭਰਾ ਹਨ, ਉਹ ਸਭ ਤੋਂ ਵੱਡਾ ਹੈ ਤੇ ਅਮਿਤ 20 ਸਾਲ ਦਾ ਹੈ ਜੋ ਸਭ ਤੋਂ ਛੋਟਾ ਹੈ, ਜਿਸ ਦਾ ਵਿਆਹ ਨਹੀਂ ਹੋਇਆ ਸੀ। ਉਹ ਉਨ੍ਹਾਂ ਦੇ ਨਾਲ਼ ਹੀ ਝੁੱਗੀਆਂ 'ਚ ਰਹਿੰਦਾ ਸੀ, ਜੋ ਮਜ਼ਦੂਰ ਵਜੋਂ ਕੰਮ ਕਰਦਾ ਸੀ।

ਬੀਤੇ ਦਿਨ ਜਦੋਂ ਉਹ ਕੰਮ ਤੋਂ ਵਾਪਸ ਨਾ ਆਇਆ ਤਾਂ ਉਹ ਅਮਿਤ ਦੀ ਭਾਲ ਕਰਨ ਗਿਆ। ਜਿੱਥੇ ਉਸ ਨੂੰ ਪਤਾ ਲੱਗਾ ਕਿ ਅਮਿਤ ਅਤੇ ਲਖਨ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਉਸਾਰੀ ਅਧੀਨ ਇਮਾਰਤ ਦੀ ਛੱਤ 'ਤੇ ਬੈਠ ਕੇ ਸ਼ਰਾਬ ਪੀ ਰਿਹਾ ਹੈ, ਜਦੋਂ ਉਸ ਨੇ ਅਮਿਤ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਤਾਂ ਉਸਨੇ ਕੁੱਝ ਸਮੇਂ ਬਾਅਦ ਆਉਣ ਦਾ ਕਹਿ ਦਿੱਤਾ। ਰਾਤ ਨੂੰ ਘਰ ਵਾਪਸ ਨਾ ਆਉਣ 'ਤੇ ਸਵੇਰੇ ਜਦੋਂ ਉਹ ਉਸਾਰੀ ਅਧੀਨ ਇਮਾਰਤ ਦੀ ਛੱਤ 'ਤੇ ਗਿਆ ਤਾਂ ਅਮਿਤ ਦੇ ਮੂੰਹ ਅਤੇ ਨੱਕ 'ਚੋਂ ਖੂਨ ਵੱਗ ਰਿਹਾ ਸੀ, ਜਿਸ 'ਤੇ ਉਸ ਨੇ ਆਪਣੇ ਜੀਜੇ ਦੇ ਲੜਕੇ ਬਿੱਟੂ ਅਤੇ ਆਪਣੇ ਜੀਜਾ ਰਾਹੁਲ ਨੂੰ ਫੋਨ ਕੀਤਾ ਅਤੇ ਸੋਚਿਆ ਕਿ ਅਮਿਤ ਜ਼ਖ਼ਮੀ ਹੈ। ਜਿਸ ਨੂੰ ਉਹ ਆਪਣੀ ਝੁੱਗੀ 'ਚ ਲੈ ਗਏ। ਪਰ ਉਦੋਂ ਤੱਕ ਉਹ ਮਰ ਚੁੱਕਾ ਸੀ। ਰਾਹੁਲ ਨੇ ਬਿਆਨਾਂ 'ਚ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਲਖਨ ਨੇ ਹੀ ਅਮਿਤ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾਈ ਅਤੇ ਨਸ਼ੇ ਦੀ ਹਾਲਤ 'ਚ ਉਸ ਨੂੰ ਗੰਭੀਰ ਜ਼ਖ਼ਮੀ ਕਰ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਕਰ ਕੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮਿ੍ਤਕ ਅਮਿਤ ਦੇ ਭਰਾ ਰਾਹੁਲ ਦੇ ਬਿਆਨਾਂ 'ਤੇ ਲਖਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।