ਚੰਡੀਗੜ੍ਹ (ਏਜੰਸੀ) : 1984 ’ਚ ਆਪ੍ਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲੇ ਜਨਰਲ (ਰਿਟਾਇਰਡ) ਕੁਲਦੀਪ ਸਿੰਘ ਬਰਾੜ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਇੰਦਰਾ ਗਾਂਧੀ ਬਾਰੇ ਕਈ ਖ਼ੁਲਾਸੇ ਕੀਤੇ ਹਨ। ਆਪ੍ਰੇਸ਼ਨ ਬਲੂ ਸਟਾਰ ਤੋਂ 39 ਸਾਲਾਂ ਬਾਅਦ ਜਨਰਲ ਬਰਾੜ ਨੇ ਕਿਹਾ ਹੈ ਕਿ ਭਿੰਡਰਾਂਵਾਲੇ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸ਼ਹਿ ਮਿਲੀ ਹੋਈ ਸੀ ਤੇ ਉਸ ਨੂੰ ਰੋਕਣ ’ਚ ਦੇਰੀ ਕੀਤੀ ਗਈ।
ਏਐੱਨਆਈ ਨਾਲ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸੂਬੇ ’ਤੇ ਪੂਰਾ ਕੰਟਰੋਲ ਸੀ। ਇੰਦਰਾ ਗਾਂਧੀ ਨੇ ਉਸ ਨੂੰ ਫ੍ਰੈਂਕਨਸਟੀਨ (ਵੱਡਾ ਰਾਕਸ਼) ਬਣਾ ਦਿੱਤਾ ਸੀ। ਜਦੋਂ ਉਹ ਸਿਖਰ ’ਤੇ ਪਹੁੰਚ ਗਿਆ ਤਾਂ ਇੰਦਰਾ ਗਾਂਧੀ ਨੇ ਉਸ ਨੂੰ ਖ਼ਤਮ ਕਰਨ ਤੇ ਤਬਾਹ ਕਰਨ ਦੇ ਆਦੇਸ਼ ਦੇ ਦਿੱਤੇ। ਉਦੋਂ ਤੱਕ ਇਸ ਵਿਚ ਬਹੁਤ ਦੇਰੀ ਹੋ ਚੁੱਕੀ ਸੀ।
ਬਰਾੜ ਨੇ ਕਿਹਾ ਕਿ ਕਦੇ ਵੀ ਖ਼ਾਲਿਸਤਾਨ ਦਾ ਐਲਾਨ ਹੋ ਸਕਦਾ ਸੀ। ਖ਼ਾਲਿਸਤਾਨ ਦਾ ਐਲਾਨ ਹੁੰਦੇ ਹੀ ਪਾਕਿਸਤਾਨ ਸਰਹੱਦ ਪਾਰ ਕਰ ਕੇ ਪੰਜਾਬ ਵਿਚ ਆ ਜਾਂਦਾ। ਪੰਜਾਬ ਵਿਚ ਕਾਨੂੰਨ ਤੇ ਵਿਵਸਥਾ ਦਾ ਮਾੜਾ ਹਾਲ ਸੀ।
ਉਨ੍ਹਾਂ ਕਿਹਾ ਕਿ ਜਨਰਲ ਸੁੰਦਰ ਜੀ ਨੇ ਇਹ ਸੋਚੇ ਬਿਨਾਂ ਕਿ ਉਹ ਇਕ ਸਿੱਖ ਹਨ ਜਾਂ ਗੁਜਰਾਤੀ ਜਾਂ ਪਾਰਸੀ ਤੇ ਜਾਂ ਈਸਾਈ ਹਨ, ਉਸ ਨੂੰ ਫੜ ਲਿਆ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਉਹ ਲੰਡਨ ਦੇ ਸਾਊਥ ਹਾਲ ’ਚ ਹੋਰ ਮੁਲਕਾਂ ’ਚ ਜਾਂਦੇ ਹਨ ਤਾਂ ਹਰ ਥਾਂ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਦੇਖਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਰਵਾਸੀ ਖ਼ਾਲਿਸਤਾਨੀ ਅੰਦੋਲਨ ਨੂੰ ਸਮਰਥਨ ਦੇ ਰਹੇ ਹਨ ਤੇ ਪਾਕਿਸਤਾਨ ਦੀ ਆਈਐੱਸਆਈ ਇਸ ਲਈ ਉਨ੍ਹਾਂ ਦੀ ਮਦਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਹਾਲਾਤ ਠੀਕ ਉਸੇ ਤਰ੍ਹਾਂ ਹੀ ਸਨ, ਜਿਵੇਂ ਬਾਕਸਿੰਗ ਰਿੰਗ ’ਚ ਕਿਸੇ ਨੂੰ ਹੱਥ ਬੰਨ੍ਹ ਕੇ ਉਤਾਰ ਦਿੱਤਾ ਜਾਵੇ ਤੇ ਫਿਰ ਉਸ ਨੂੰ ਕਿਹਾ ਜਾਏ ਕਿ ਜਾਓ ਤੁਸੀਂ ਲੜਨਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਫਿਜ਼ੀਕਲੀ ਵੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ... ਇਹ ਤੈਅ ਹੋਇਆ ਹੋਇਆ ਸੀ। ਸਾਡੇ ਵੱਲ ਮਸ਼ੀਨਗੰਨਜ਼ ਚਲਾਈਆਂ ਜਾ ਰਹੀਆਂ ਸਨ। ਉਹ ਉਨ੍ਹਾਂ ਥਾਵਾਂ ਤੋਂ ਚਲਾਈਆਂ ਜਾ ਰਹੀਆਂ ਸਨ ਜਿੱਥੋਂ ਉਨ੍ਹਾਂ ਦੀ ਲੋਕੇਸ਼ਨਜ਼ ਨੂੰ ਦੇਖਿਆ ਵੀ ਨਹੀਂ ਸੀ ਜਾ ਸਕਦਾ।
ਬਕੌਲ ਬਰਾੜ ਉਨ੍ਹਾਂ ਅੱਠ ਤੋਂ 10 ਘੰਟਿਆਂ ’ਚ ਅਸੀਂ ਤਿੰਨ ਤੋਂ ਚਾਰ ਸੌ ਜਵਾਨ ਗੁਆ ਦਿੱਤੇ ਸਨ। ਇਹ ਓਨਾ ਆਸਾਨ ਨਹੀਂ ਸੀ। ਮੈਨੂੰ ਪਤਾ ਹੈ ਕਿ ਮੈਂ ਉਸ ਘਟਨਾ ਤੋਂ ਬਾਅਦ ਵੀ ਕਿਸ-ਕਿਸ ਤਰ੍ਹਾਂ ਦੇ ਮਾੜੇ ਸੁਪਨੇ ਦੇਖੇ ਸਨ, ਕਿਉਂਕਿ, ਉੱਪਰੋਂ ਤਮਾਮ ਪਾਬੰਦੀਆਂ ਸਨ ਕਿ ਤੁਹਾਨੂੰ ਘੱਟੋ ਘੱਟ ਫ਼ੌਜ ਨਾਲ ਇਹ ਯਕੀਨੀ ਬਣਾਉਣਾ ਹੈ ਕਿ ਇਮਾਰਤ ਨੂੰ ਕੋਈ ਨੁਕਸਾਨ ਨਾ ਪੁੱਜੇ। ਅਜਿਹੇ ’ਚ ਅਸੀਂ ਭਾਰੀ ਹਥਿਆਰ ਨਹੀਂ ਲਿਆਉਣਾ ਚਾਹੁੰਦੇ ਸੀ।
ਬਰਾੜ ਨੇ ਇਹ ਵੀ ਸਾਫ਼ ਕੀਤਾ ਕਿ ਅਕਾਲ ਤਖ਼ਤ ’ਤੇ ਭਾਰਤੀ ਫ਼ੌਜ ਵੱਲੋਂ ਫਾਇਰਿੰਗ ਨਹੀਂ ਕੀਤੀ ਗਈ ਸੀ। ਸਾਨੂੰ ਇਸ ਚੀਜ਼ ਦੇ ਆਰਡਰ ਨਹੀਂ ਮਿਲੇ ਸਨ। ਪਰ ਤੱਥ ਇਹ ਵੀ ਸੀ ਕਿ ਤੁਸੀਂ ਉਦੋਂ ਕੀ ਕਰਦੇ...। ਕੀ ਤੁਸੀਂ ਸਿਰਫ਼ ਆਪਣੇ ਲੋਕਾਂ ਨੂੰ ਮਰਨ ਦਿੰਦੇ? ਤੁਹਾਨੂੰ ਕੁਝ ਤਾਂ ਐਕਸ਼ਨ ਲੈਣਾ ਹੀ ਪੈਣਾ ਸੀ।
ਉਨ੍ਹਾਂ ਕਿਹਾ ਕਿ ਸਿਵਲ ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਫ਼ੌਜ ਦੇ ਦਾਖ਼ਲੇ ਨਾਲ ਫਿਰਕੂ ਤਣਾਅ ਪੈਦਾ ਹੋ ਜਾਵੇਗਾ। ਇਸ ’ਤੇ ਜਨਰਲ ਦਿਆਲ ਨੇ ਕਿਹਾ, ਤੁਸੀਂ ਕੀ ਗੱਲ ਕਰ ਰਹੇ ਹੋ। ਅਸੀਂ ਰਾਤ ਨੂੰ 10 ਵਜੇ ਕੰਪਲੈਕਸ ’ਚ ਦਾਖ਼ਲ ਹੋਵਾਂਗੇ ਤੇ ਰਾਤ 12 ਵਜੇ ਤੱਕ ਸਾਰਾ ਆਪ੍ਰੇਸ਼ਨ ਪੂਰਾ ਕਰ ਲਵਾਂਗੇ। ਸਵੇਰੇ ਚਾਰ ਵਜੇ ਤੱਕ ਸਾਰੀਆਂ ਲਾਈਟਾਂ ਜਗਾ ਦਿੱਤੀਆਂ ਜਾਣਗੀਆਾਂ। ਇਸ ਮਗਰੋਂ ਸਾਰੇ ਸਿਵਲ ਅਧਿਕਾਰੀ ਆਪਣੇ ਘਰਾਂ ਨੂੰ ਪਰਤ ਗਏ। ਉਨ੍ਹਾਂ ’ਚੋਂ ਕੋਈ ਵੀ ਰਾਤ ਨੂੰ ਨਹੀਂ ਸੌਂ ਸਕਿਆ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਕਰਫਿਊ ਦੀ ਉਲੰਘਣਾ ਕਰਨ ’ਤੇ ਗੋਲੀ ਮਾਰ ਦਿੱਤੀ ਜਾਵੇ। ਸ਼ਹਿਰ ’ਚ ਬੀਐੱਸਐੱਫ ਦੀ ਤਾਇਨਾਤੀ ਕੀਤੀ ਗਈ। ਹੁਣ ਵਾਰੀ ਸੀ ਬੀਐੱਸਐੱਫ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜੀਐੱਸ ਪੰਧੇਰ ਦੀ, ਜਿਨ੍ਹਾਂ ਕਿਹਾ ਕਿ ਸਾਨੂੰ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੂੰ ਗੋਲ਼ੀ ਮਾਰਨ ਦੇ ਲਿਖਤੀ ਆਦੇਸ਼ ਚਾਹੀਦੇ ਹਨ। ਗੁੱਸੇ ’ਚ ਜਨਰਲ ਬਰਾੜ ਨੇ ਮੇਜ਼ ’ਤੇ ਜ਼ੋਰ ਨਾਲ ਹੱਥ ਮਾਰਿਆ ਤੇ ਕਿਹਾ ਕਿ ਇਹ ਖੁੱਲ੍ਹੀ ਬਗ਼ਾਵਤ ਹੈ। ਪੰਧੇਰ ਡਰ ਗਏ ਸਨ। ਉਨ੍ਹਾਂ ਨੂੰ ਤੁਰੰਤ ਛੁੱਟੀ ’ਤੇ ਜਾਣ ਲਈ ਕਿਹਾ ਗਿਆ, ਉਸ ਮਗਰੋਂ ਉਨ੍ਹਾਂ ਦੀ ਟਰਾਂਸਫਰ ਕੀਤੀ ਜਾਣੀ ਸੀ।
ਇਸ ਮਗਰੋਂ ਆਪ੍ਰੇਸ਼ਨ ਤੋਂ ਪਹਿਲਾਂ ਬੇਕਸੂਰ ਲੋਕਾਂ ਨੂੰ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਗਿਆ। ਸਾਰੇ ਸ਼ਹਿਰ ਦੀਆਂ ਟੈਲੀਫੋਨ ਲਾਈਨਾਂ ਕੱਟ ਦਿੱਤੀਆਂ ਗਈਆਂ ਸਨ। ਸਥਾਨਕ ਆਈਬੀ ਦੇ ਮੁਖੀ ਐੱਮਪੀਐੱਸ ਔਲਖ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਲੋਕਾਂ ਨਾਲ ਸੰਪਰਕ ਕਰਨ ਦਾ ਕੰਮ ਦਿੱਤਾ ਗਿਆ। ਸੰਪਰਕ ਕਰਨ ਲਈ ਟੈਲੀਫੋਨ ਸੰਪਰਕ ਲਾਈਨਾਂ ਜੋੜਨ ਦਾ ਕੰਮ ਕਰਨਾਲ ਚੋਪੜਾ ਨੂੰ ਦਿੱਤਾ ਗਿਆ। ਔਲਖ ਅਗਲੇ ਦਿਨ 15 ਡਵੀਜ਼ਨ ਹੈੱਡਕੁਆਰਟਰ ਪਹੁੰਚੇ ਤੇ ਉਨ੍ਹਾਂ ਨੇ ਕੰਪਲੈਕਸ ਦੇ ਅੰਦਰ ਬੈਠੇ ਲੋਕਾਂ ਨਾਲ ਸੰਪਰਕ ਕੀਤਾ ਤੇ ਬੇਕਸੂਰ ਲੋਕਾਂ ਨੂੰ ਬਾਹਰ ਆਉਣ ਲਈ ਕਿਹਾ।
Posted By: Shubham Kumar