ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਬਿਨਾਂ ਕਾਰਨ ਗ੍ਰਿਫ਼ਤਾਰ ਕਰਕੇ ਦਿੱਲੀ ਪੁਲਿਸ ਵੱਲੋਂ ਉਸ 'ਤੇ ਤਸ਼ੱਦਦ ਢਾਹੁਣ ਦੀ ਜ਼ਾਲਮਾਨਾ ਕਾਰਵਾਈ ਸਖਤ ਸ਼ਬਦਾਂ 'ਚ ਨਿੰਦਣਯੋਗ ਹੈ।

ਕਿਸੇ ਕੇਸ 'ਚ ਨਾਮਜ਼ਦ ਕੀਤੇ ਵਿਅਕਤੀ ਦੇ ਕਿਸੇ ਰਿਸ਼ਤੇਦਾਰ 'ਤੇ ਇਉਂ ਜ਼ੁਲਮ ਢਾਹੁਣਾ ਹਰ ਤਰ੍ਹਾਂ ਦੇ ਨਿਯਮ ਕਾਨੂੰਨ ਨੂੰ ਛਿੱਕੇ ਟੰਗ ਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸਗੋਂ ਪੁਲਿਸ ਵੱਲੋਂ ਕੇਸ ਵਿੱਚ ਸ਼ਾਮਲ ਕੀਤਾ ਕੋਈ ਵਿਅਕਤੀ ਵੀ ਅਜਿਹੇ ਸਲੂਕ ਦਾ ਹੱਕਦਾਰ ਨਹੀਂ ਬਣਦਾ। ਸੰਘਰਸ਼ ਵਿੱਚ ਕੁੱਦੇ ਲੋਕਾਂ ਨੂੰ ਖ਼ੌਫ਼ਜ਼ਦਾ ਕਰਨ ਦੇ ਨਾਲ ਨਾਲ ਅਜਿਹੀ ਕਾਰਵਾਈ ਪਿੱਛੇ ਲੋਕਾਂ ਨੂੰ ਭੜਕਾਉਣ ਦੀ ਹਕੂਮਤੀ ਸਾਜ਼ਿਸ਼ ਵੀ ਹੈ। ਕਿਉਂਕਿ ਇਹ ਲੋਕਾਂ ਨੂੰ ਭੜਕਾਹਟ 'ਚ ਆਉਣ ਲਈ ਉਕਸਾਉਣ ਦਾ ਯਤਨ ਹੈ।

ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲੇ ਪੁਲੀਸ ਅਧਿਕਾਰੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ। ਨਾਲ ਹੀ ਮੋਦੀ ਹਕੂਮਤ ਨੂੰ ਸੁਣਾਉਣੀ ਵੀ ਕੀਤੀ ਹੈ ਕਿ ਉਹ ਸੰਘਰਸ਼ 'ਚ ਕੁੱਦੇ ਲੋਕਾਂ ਤੋਂ ਆਪਣੇ ਜਾਬਰ ਹੱਥ ਪਰ੍ਹੇ ਰੱਖੇ। ਜਥੇਬੰਦੀ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਰ ਤਰ੍ਹਾਂ ਦੇ ਜਾਬਰ ਕਦਮਾਂ ਅਤੇ ਸਾਜ਼ਿਸ਼ਾਂ ਨੂੰ ਪਛਾੜ ਕੇ ਸੰਘਰਸ਼ ਵਿੱਚ ਡਟੇ ਰਹਿਣ ਅਤੇ ਅਡੋਲ-ਚਿੱਤ ਰਹਿੰਦੇ ਹੋਏ ਸੰਘਰਸ਼ ਨੂੰ ਜਿੱਤ ਦੇ ਅੰਜਾਮ ਤੱਕ ਪਹੁੰਚਾਉਣ ਵਾਲੀ ਮਿਸਾਲੀ ਦ੍ਰਿੜ੍ਹਤਾ ਦਾ ਮੁਜ਼ਾਹਰਾ ਕਰਨ।

Posted By: Tejinder Thind